India Punjab

ਇਨ੍ਹਾਂ ਨੂੰ ਕੀ ਕਹੋਗੇ, ਇਹ ਸਭ ਬੀਜੇਪੀ ਦੇ ਹਨ, ਜਮਾਤੀ ਨਹੀਂ

‘ਦ ਖਬਰਾਂ ਬਿਊਰੋ :- ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ ਪੈਂਦੇ ਪਨਵੇਲ ’ਚ ਅੱਜ ਭਾਰਤੀ ਜਨਤਾ ਪਾਰਟੀ ਦੇ ਇਕ ਕਾਰਪੋਰੇਟਰ ਸਣੇ 11 ਜਣਿਆਂ ਨੂੰ ਲੌਕਡਾਊਨ ਦੌਰਾਨ ਇਕੋ ਜਗ੍ਹਾ ਇਕੱਠੇ ਹੋ ਕੇ ਜਨਮ ਦਿਨ ਪਾਰਟੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਘਟਨਾ ਲੰਘੀ ਰਾਤ ਦੀ ਹੈ।
ਪਨਵੇਲ ਪੁਲੀਸ ਥਾਣੇ ਦੇ ਸੀਨੀਅਰ ਇੰਸਪੈਕਟਰ ਅਜੈ ਕੁਮਾਰ ਨੇ ਦੱਸਿਆ ਕਿ ਪਨਵੇਲ ਨਗਰ ਨਿਗਮ ਦੇ ਭਾਜਪਾ ਕਾਰਪੋਰੇਟਰ ਅਜੈ ਬਹੀਰਾ (42) ਦੀ ਟੱਕਾ ਪਿੰਡ ’ਚ ਸਥਿਤ ਰਿਹਾਇਸ਼ ਵਿੱਚ ਉਕਤ ਲੋਕ ਕਾਰਪੋਰੇਟਰ ਦੇ ਜਨਮ ਦਿਨ ਸਬੰਧੀ ਪਾਰਟੀ ਲਈ ਇਕੱਤਰ ਹੋਏ ਸਨ। ਪੁਲੀਸ ਨੂੰ ਇਸ ਸਬੰਧੀ ਜਾਣਕਾਰੀ ਮਿਲ ਗਈ। ਮੌਕੇ ’ਤੇ ਪਹੁੰਚੀ ਪੁਲੀਸ ਦੀ ਟੀਮ ਨੇ ਕਾਰਪੋਰੇਟਰ ਸਣੇ 11 ਜਣਿਆਂ ਨੂੰ ਹਿਰਾਸਤ ਵਿੱਚ ਲੈ ਲਿਆ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਪਾਰਟੀ ਵਿੱਚ ਸ਼ਰਾਬ ਵੀ ਵਰਤਾਈ ਜਾ ਰਹੀ ਸੀ।

ਪੁਲੀਸ ਅਧਿਕਾਰੀ ਨੇ ਕਿਹਾ ਕਿ ਪਾਰਟੀ ਵਿੱਚ ਇਕੱਠੇ ਹੋਏ ਇਨ੍ਹਾਂ ਲੋਕਾਂ ਨੇ ਮੂੰਹ ’ਤੇ ਮਾਸਕ ਨਹੀਂ ਬੰਨ੍ਹੇ ਹੋਏ ਸਨ ਅਤੇ ਉਨ੍ਹਾਂ ਵੱਲੋਂ ਸਮਾਜਿਕ ਦੂਰੀ ਸਬੰਧੀ ਨੇਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਇਕ ਜ਼ਿੰਮੇਵਾਰ ਨਾਗਰਿਕ ਨੇ ਨਵੀਂ ਮੁੰਬਈ ਕੰਟਰੋਲ ਰੂਮ ’ਤੇ ਇਸ ਸਬੰਧੀ ਜਾਣਕਾਰੀ ਦੇ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਪਨਵੇਲ ਪੁਲੀਸ ਥਾਣੇ ਤੋਂ ਇਕ ਟੀਮ ਮੌਕੇ ’ਤੇ ਪਹੁੰਚੀ ਅਤੇ ਉਨ੍ਹਾਂ ਸਾਰਿਆਂ ਨੂੰ ਹਿਰਾਸਤ ਵਿੱਚ ਲੈ ਲਿਆ। ਉਨ੍ਹਾਂ ਨੂੰ ਆਈਪੀਸੀ ਦੀ ਧਾਰਾ 188 ਤਹਿਤ ਗ੍ਰਿਫ਼ਤਾਰ ਕਰ ਕੇ ਬਾਅਦ ਵਿੱਚ ਜ਼ਮਾਨਤ ’ਤੇ ਛੱਡ ਦਿੱਤਾ ਗਿਆ।

ਬੰਗਲੌਰ: ਕਰਨਾਟਕ ਵਿੱਚ ਤੁਰੂਵੇਕਰ ਹਲਕੇ ਤੋਂ ਭਾਜਪਾ ਦੇ ਵਿਧਾਇਕ ਮਸਾਲੇ ਜੈਰਾਮ ਵੱਲੋਂ ਲੌਕਡਾਊਨ ਦੌਰਾਨ ਇਕ ਸਰਕਾਰੀ ਸਕੂਲ ਵਿਚ ਆਪਣੇ ਜਨਮ ਦਿਨ ਦੀ ਪਾਰਟੀ ਕੀਤੀ ਗਈ। ਇਸ ਦੌਰਾਨ ਸਮਾਜਿਕ ਦੂਰੀ ਸਬੰਧੀ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ। ਇਸ ਸਬੰਧੀ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ ਹਨ। ਮਿਲੀ ਜਾਣਕਾਰੀ ਅਨੁਸਾਰ ਹਲਕਾ ਤੁਰੂਵੇਕਰ ਤੋਂ ਭਾਜਪਾ ਵਿਧਾਇਕ ਮਸਾਲੇ ਜੈਰਾਮ ਵੱਲੋਂ ਇੱਥੋਂ ਸਿਰਫ਼ ਛੇ ਕਿਲੋਮੀਟਰ ਦੂਰ ਜ਼ਿਲ੍ਹਾ ਤੁਮਾਕੁਰੂ ’ਚ ਪੈਂਦੇ ਪਿੰਡ ਇਡਾਗੁਰੂ ਦੇ ਸਰਕਾਰੀ ਸਕੂਲ ਵਿੱਚ 100 ਹੋਰ ਵਿਅਕਤੀਆਂ ਨਾਲ ਮਿਲ ਕੇ ਆਪਣੇ ਜਨਮ ਦਿਨ ਦੀ ਪਾਰਟੀ ਕੀਤੀ ਗਈ। ਇਸ ਦੌਰਾਨ ਵਿਧਾਇਕ ਦੀ ਸੁਰੱਖਿਆ ਵਿੱਚ ਤਾਇਨਾਤ ਪੁਲੀਸ ਮੁਲਾਜ਼ਮ ਵੀ ਮੌਕੇ ’ਤੇ ਮੌਜੂਦ ਸਨ। ਇਸ ਪਾਰਟੀ ਦੀਆਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਤਸਵੀਰਾਂ ਵਿੱਚ ਭਾਜਪਾ ਵਿਧਾਇਕ ਪੱਗ ਬੰਨ੍ਹੀਂ ਤੇ ਸ਼ਾਲ ਲਏ ਦਿਸ ਰਹੇ ਹਨ। ਉਨ੍ਹਾਂ ਨੂੰ ਚੁਫੇਰਿਓਂ ਲੋਕਾਂ ਤੇ ਬੱਚਿਆਂ ਨੇ ਘੇਰਿਆ ਹੋਇਆ ਹੈ ਤੇ ਵਿਧਾਇਕ ਕੇਕ ਕੱਟ ਰਹੇ ਹਨ। ਇਸ ਦੌਰਾਨ ਪਾਰਟੀ ’ਚ ਸ਼ਾਮਲ ਲੋਕਾਂ ਨੂੰ ਬਿਰਯਾਨੀ ਵੀ ਵਰਤਾਈ ਗਈ। ਵਿਧਾਇਕ ਵੱਲੋਂ ਕਰੋਨਾਵਾਇਰਸ ਅਤੇ ਇਸ ਤੋਂ ਬਚਾਅ ਸਬੰਧੀ ਭਾਸ਼ਣ ਵੀ ਦਿੱਤਾ ਗਿਆ। ਇਸ ਬਾਰੇ ਗੱਲ ਕਰਨ ’ਤੇ ਤਹਿਸੀਲਦਾਰ ਪ੍ਰਦੀਪ ਕੁਮਾਰ ਹੀਰੇਮਥ ਨੇ ਕਿਹਾ ਕਿ ਉਨ੍ਹਾਂ ਨੂੰ ਘਟਨਾ ਬਾਰੇ ਜਾਣਕਾਰੀ ਮਿਲ ਚੁੱਕੀ ਹੈ ਅਤੇ ਇਸ ਸਬੰਧੀ ਸਰਕਲ ਇੰਸਪੈਕਟਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।