India Punjab

ਆਪਣੇ ਘਰਾਂ ਨੂੰ ਜਾਣ ਲਈ ਲੇਲੜੀਆਂ ਕੱਢ ਰਹੇ ਪਰਵਾਸੀ ਮਜ਼ਦੂਰ

‘ਦ ਖ਼ਾਲਸ ਬਿਊਰੋ :- ਲੋਕਾਂ ਦੀਆਂ ਕੋਠੀਆਂ ਬਣਾਉਣ ਵਾਲੇ ਰਾਜ ਮਿਸਤਰੀ ਤੇ ਰੰਗ ਰੋਗਨ ਕਰਨ ਵਾਲੇ ਪਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਜਾਣ ਲਈ ਪਾਸ ਬਣਾਉਣ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਤਰਲੇ ਕੱਢ ਰਹੇ ਹਨ। ਲਾਕਡਾਊਨ ਕਾਰਨ ਪਿਛਲੇ ਮਹੀਨੇ ਤੋਂ ਜਲੰਧਰ ਦੇ ਖਿੰਗਰਾ ਗੇਟ ਦੇ ਢੰਨ ਮੁਹੱਲੇ ਵਿੱਚ ਫਸੇ ਉੱਤਰ ਪ੍ਰਦੇਸ਼ ਦੇ 35 ਤੋਂ 40 ਮਜ਼ਦੂਰਾਂ ਨੇ ਜੋ ਕਮਾਇਆ ਸੀ, ਉਹ ਖ਼ਰਚ ਲਿਆ ਹੈ। ਇਸ ਕਾਰਨ ਉਨ੍ਹਾਂ ਦਾ ਇੱਥੇ ਰਹਿਣਾ ਮੁਸ਼ਕਲ ਹੈ ਤੇ ਉਹ ਆਪਣੇ ਘਰਾਂ ਨੂੰ ਪਰਤਣਾ ਚਾਹੁੰਦੇ ਹਨ। ਕਈ ਮਜ਼ਦੂਰਾਂ ਨੇ ਕਿਹਾ ਕਿ ਜੇ ਪਾਸ ਨਾ ਮਿਲੇ ਤਾਂ ਉਹ ਆਪਣੇ ਘਰਾਂ ਨੂੰ ਪੈਦਲ ਹੀ ਤੂਰ ਪੈਣਗੇ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਜਾਣਦੇ ਹਨ ਕਿ ਗਾਜ਼ੀਪੁਰ ਇੱਥੋਂ 1266 ਕਿਲੋਮੀਟਰ ਦੂਰ ਹੈ ਪਰ ਆਪਣੇ ਘਰ ਦੀ ਖਿੱਚ ਕਾਰਨ ਉਨ੍ਹਾਂ ਲਈ ਇਹ ਦੂਰੀ ਕੋਈ ਮਾਅਨੇ ਨਹੀਂ ਰੱਖਦੀ।

ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਪਾਸ ਲੈਣ ਲਈ ਆਏ ਇਨ੍ਹਾਂ ਮਜ਼ਦੂਰਾਂ ਨੇ ਕਿਹਾ ਕਿ ਉਹ ਇੰਨੇ ਪੜ੍ਹੇ ਲਿਖੇ ਨਹੀਂ ਕਿ ਆਨਲਾਈਨ ਕਰਫ਼ਿਊ ਪਾਸ ਲੈਣ ਲਈ ਅਪਲਾਈ ਕਰ ਸਕਣ। ਬਾਰ੍ਹਵੀਂ ਜਮਾਤ ਤੱਕ ਪੜ੍ਹੇ ਇੱਕ ਪਰਵਾਸੀ ਮਜ਼ਦੂਰ ਦਸ਼ਰਥ ਨੇ ਕਿਹਾ ਕਿ ਉਹ ਹਿੰਦੀ ਵਿਚ ਪੜ੍ਹੇ ਹਨ, ਇਸ ਕਰਕੇ ਅੰਗਰੇਜ਼ੀ ਸਮਝ ਨਹੀਂ ਆਉਂਦੀ ਤੇ ਉਹ ਆਨਲਾਈਨ ਅਪਲਾਈ ਨਹੀਂ ਕਰ ਸਕਦੇ। ਕੋਈ ਇੰਟਰਨੈੱਟ ਕੈਫ਼ੇ ਵੀ ਨਹੀਂ ਖੁੱਲ੍ਹਾ, ਜਿਸ ਕਾਰਨ ਵੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਸ਼ਿਵਮੂਰਤ ਨਾਂ ਦੇ ਮਜ਼ਦੂਰ ਨੇ ਕਿਹਾ ਕਿ ਪਿਛਲੇ ਡੇਢ ਮਹੀਨੇ ਤੋਂ ਉਹ ਵਿਹਲੇ ਬੈਠ ਕੇ ਖਾ ਰਹੇ ਹਨ। ਪੈਸੇ ਵੀ ਮੁੱਕ ਗਏ ਹਨ ਤੇ ਰਾਸ਼ਨ ਵੀ ਮੁੱਕ ਗਿਆ ਹੈ। ਇਸ ਕਾਰਨ ਇੱਥੇ ਰਹਿਣਾ ਮੁਸ਼ਕਿਲ ਹੈ।