India

ਅਖਬਾਰਾਂ ‘ਚ ਛਪਿਆ ਆਪਣਾ ਘਰ ਲੱਭ ਰਹੀ ਹੈ ਮੋਦੀ ਦੀ ਤਸਵੀਰ ਵਾਲੇ ਇਸ਼ਤਿਹਾਰ ਵਿੱਚ ਛਪੀ ਫੋਟੋ ਵਾਲੀ ਮਹਿਲਾ

’ਦ ਖ਼ਾਲਸ ਬਿਊਰੋ: ਬੰਗਾਲ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਚੋਣਾਂ ਹੋ ਰਹੀਆਂ ਹਨ। ਸਿਆਸੀ ਪਾਰਟੀਆਂ ਵੋਟਰਾਂ ਨੂੰ ਲੁਭਾਉਣ ਲਈ ਪੂਰੀ ਵਾਹ ਲਾ ਰਹੀਆਂ ਹਨ। ਅਖ਼ਬਾਰਾਂ, ਟੀਵੀ ਚੈਨਲਾਂ ਤੋਂ ਲੈ ਕੇ ਵੈਬ ’ਤੇ ਵੀ ਸਿਆਸੀ ਪਾਰਟੀਆਂ ਦੇ ਇਸ਼ਤਿਹਾਰ ਵੇਖੇ ਜਾ ਸਕਦੇ ਹਨ। ਪਾਰਟੀਆਂ ਗਿਣ-ਗਿਣ ਕੇ ਆਪਣੇ ਦੁਆਰਾ ਕੀਤੇ ਕੰਮ ਗਿਣਾ ਰਹੀਆਂ ਹਨ। ਇਸ ਸਬੰਧੀ ਅੰਕੜੇ ਵੀ ਪੇਸ਼ ਕੀਤੇ ਜਾ ਰਹੇ ਹਨ। ਭਾਰਤ ਸਰਕਾਰ ਵੀ ਅਖ਼ਬਾਰਾਂ ਵਿੱਚ ਆਪਣੇ ਇਸ਼ਤਿਹਾਰ ਛਾਪ ਰਹੀ ਹੈ। 

ਪਰ ਇਨ੍ਹਾਂ ਇਸ਼ਤਿਹਾਰਾਂ ਤੇ ਅੰਕੜਿਆਂ ਵਿੱਚ ਕਿੰਨੀ ਸੱਚਾਈ ਹੈ, ਇਸ ਬਾਰੇ ਮੁੱਖ ਧਾਰਾ ਦਾ ਕੋਈ ਅਖ਼ਬਾਰ ਜਾਂ ਟੀਵੀ ਚੈਨਲ ਜਾਂਚ ਜਾਂ ਬਹਿਸ ਨਹੀਂ ਕਰਦਾ। ਹਾਲ ਹੀ ਵਿੱਚ ਭਾਰਤ ਸਰਕਾਰ ਵੱਲੋਂ ਇੱਕ ਇਸ਼ਤਿਹਾਰ ਲਗਾਇਆ ਗਿਆ ਹੈ, ਜਿਸ ਦੀ ਇੱਕ ਸੁਤੰਤਰ ਮੀਡੀਆ ਸੰਸਥਾ ਵੱਲੋਂ ਜਾਂਚ-ਪੜਤਾਲ ਕੀਤੀ ਗਈ। ਜਾਂਚ ਵਿੱਚ ਪਾਇਆ ਗਿਆ ਕਿ ਇਸ਼ਤਿਹਾਰ ਵਿੱਚ ਗ਼ਲਤ ਜਾਣਕਾਰੀ ਪੇਸ਼ ਕੀਤੀ ਗਈ ਹੈ। 

ਪੂਰਾ ਮਾਮਲਾ 

14 ਅਤੇ 25 ਫਰਵਰੀ ਨੂੰ, ‘ਪ੍ਰਭਾਤ ਖ਼ਬਰ’ ਤੇ ‘ਸੰਨਮਾਰਗ’ ਸਮੇਤ ਦੂਸਰੇ ਕਈ ਅਖਬਾਰਾਂ ਦੇ ਕੋਲਕਾਤਾ ਅਤੇ ਆਸ-ਪਾਸ ਦੇ ਸੰਸਕਰਨਾਂ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਬਾਰੇ ਇਕ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਗਿਆ। ਇਸ ਇਸ਼ਤਿਹਾਰ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਮੁਸਕਰਾਹਟ ਵਾਲੀ ਫੋਟੋ ਲਗਾਈ ਗਈ। ਇਸ ਇਸ਼ਤਿਹਾਰ ਵਿੱਚ ਪੀਐਮ ਮੋਦੀ ਦੀ ਫੋਟੋ ਦੇ ਨਾਲ ਇੱਕ ਮਹਿਲਾ ਦੀ ਤਸਵੀਰ ਵੀ ਲਗਾਈ ਗਈ ਹੈ।

‘ਆਤਮ-ਨਿਰਭਰ ਭਾਰਤ, ਆਤਮ-ਨਿਰਭਰ ਬੰਗਾਲ’ ਦੇ ਨਾਅਰੇ ਨਾਲ, ਇਸ ਇਸ਼ਤਿਹਾਰ ਵਿੱਚ ਲਿਖਿਆ ਗਿਆ ਹੈ- ‘ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਮੈਨੂੰ ਮਿਲਿਆ ਆਪਣਾ ਘਰ’। ਇਸ ਦੇ ਨਾਲ ਹੀ ਲਿਖਿਆ ਗਿਆ ਹੈ ਕਿ ਘਰ ਮਿਲਣ ਨਾਲ ਲਗਭਗ 24 ਲੱਖ ਪਰਿਵਾਰ ਆਤਮਨਿਰਭਰ ਹੋਏ ਹਨ। ਇਸ਼ਤਿਹਾਰ ਵਿੱਚ ਪਾਰਟੀ ਵੱਲੋਂ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਆਓ ਸਾਡੇ ਨਾਲ ਜੁੜੋ ਅਤੇ ਇਕੱਠੇ ਮਿਲ ਕੇ ਆਤਮ-ਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰੀਏ। 

ਅਖ਼ਬਾਰ ਦੇ ਪਹਿਲੇ ਪੰਨੇ ਦੇ ਅੱਧੇ ਹਿੱਸੇ ’ਤੇ ਪੀਐਮ ਮੋਦੀ ਨਾਲ ਜਿਸ ਮਹਿਲਾ ਦੀ ਤਸਵੀਰ ਛਪੀ ਹੈ, ਉਸ ਮਹਿਲਾ ਦਾ ਨਾਂ ਲਕਸ਼ਮੀ ਦੇਵੀ ਹੈ। ਨਿਊਜ਼ ਲੌਂਡਰੀ ਨੇ ਆਪਣੀ ਜਾਂਚ ਵਿੱਚ ਪਤਾ ਕੀਤਾ ਹੈ ਕਿ ਲਕਸ਼ਮੀ ਦੇਵੀ ਨੂੰ ਖ਼ੁਦ ਵੀ ਨਹੀਂ ਪਤਾ ਕਿ ਕਿਸੇ ਅਖ਼ਬਾਰ ਵਿੱਚ ਉਨ੍ਹਾਂ ਦੀ ਫੋਟੋ ਛਪੀ ਹੈ। ਬਲਕਿ ਉਨ੍ਹਾਂ ਨੂੰ ਆਸ-ਪਾਸ ਦੇ ਲੋਕਾਂ ਤੋਂ ਇਸ ਬਾਰੇ ਜਾਣਕਾਰੀ ਮਿਲੀ। ਇਸ ਤੋਂ ਵੀ ਵੱਡੀ ਸਮੱਸਿਆ ਇਹ ਹੈ ਕਿ ਲਕਸ਼ਮੀ ਦੇਵੀ ਨੂੰ ਸਰਕਾਰੀ ਯੋਜਨਾ ਦੇ ਤਹਿਤ ਕੋਈ ਘਰ ਨਹੀਂ ਮਿਲਿਆ।

 ਲਕਸ਼ਮੀ ਦੇਵੀ ਦਾ ਬਿਆਨ 

48 ਸਾਲਾ ਲਕਸ਼ਮੀ ਦੇਵੀ ਨੇ ਦੱਸਿਆ ਕਿ ਜਦੋਂ ਤੋਂ ਅਖ਼ਬਾਰਾਂ ਵਿੱਚ ਉਨ੍ਹਾਂ ਦੀ ਫੋਟੋ ਛਪੀ ਹੈ, ਉਹ ਉਦੋਂ ਤੋਂ ਬਹੁਤ ਪਰੇਸ਼ਾਨ ਹਨ। ਉਨ੍ਹਾਂ ਨੂੰ ਤਾਂ ਇਸ ਗੱਲ ਦੀ ਜਾਣਕਾਰੀ ਤਕ ਨਹੀਂ ਹੈ ਕਿ ਉਨ੍ਹਾਂ ਦੀ ਇਹ ਤਸਵੀਰ ਕਦੋਂ ਹੀ ਹੈ ਤੇ ਇਹ ਤਸਵੀਰ ਇਸ ਨੇ ਖਿੱਚੀ ਸੀ। ਇੱਕ ਦਿਨ ਤਾਂ ਉਹ ਪੂਰੀ ਦਿਹਾੜੀ ਅਖ਼ਬਾਰਾਂ ਦੇ ਦਫ਼ਤਰਾਂ ਦੇ ਚੱਕਰ ਕੱਟਦੀ ਰਹੀ।

ਉਨ੍ਹਾਂ ਨੇ ਅਖ਼ਬਾਰਾਂ ਦੇ ਸੰਪਾਦਕਾਂ ਨੂੰ ਸਵਾਲ ਕੀਤੇ ਕਿ ਉਨ੍ਹਾਂ ਦੀ ਤਸਵੀਰ ਕਿਉਂ ਲਾ ਦਿੱਤੀ, ਜਦਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਤਕ ਨਹੀਂ ਹੈ, ਨਾ ਹੀ ਕਿਸੇ ਨੇ ਉਨ੍ਹਾਂ ਦੀ ਮਨਜ਼ੂਰੀ ਲਈ। ਲਕਸ਼ਮੀ ਨੂੰ ਲੱਗਦਾ ਹੈ ਕਿ ਇਹ ਫੋਟੋ ਅਖਬਾਰਾਂ ਦੁਆਰਾ ਛਾਪੀ ਗਈ ਹੈ, ਜਦੋਂ ਕਿ ਇਹ ਇਸ਼ਤਿਹਾਰ ਭਾਰਤ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਹੈ।

ਪਰਿਵਾਰ ਸਮੇਤ 500 ਰੁਪਏ ਦੀ ਕਿਰਾਏ ਦੀ ਝੁੱਗੀ ’ਚ ਰਹਿੰਦੀ ਹੈ ਲਕਸ਼ਮੀ ਦੇਵੀ 

ਭਾਰਤ ਸਰਕਾਰ ਦੇ ਇਸ਼ਤਿਹਾਰ ਵਿੱਚ ਤਾਂ ਦਾਅਵਾ ਕੀਤਾ ਗਿਆ ਹੈ ਕਿ ਲਕਸ਼ਮੀ ਦੇਵੀ ਨੂੰ ਘਰ ਦਿੱਤਾ ਗਿਆ ਹੈ, ਪਰ ਸੱਚਾਈ ਇਹ ਹੈ ਕਿ ਉਹ ਆਪਣੇ ਪਰਿਵਾਰ ਸਮੇਤ 500 ਰੁਪਏ ਮਹੀਨਾ ਕਿਰਾਏ ਦੀ ਝੁੱਗੀ ਵਿੱਚ ਜੀਵਨ ਬਸਰ ਕਰ ਰਹੀ ਹੈ। ਉਸ ਕੋਲ ਆਪਣਾ ਕੋਈ ਮਕਾਨ ਨਹੀਂ ਹੈ। ਪਰਿਵਾਰ ਵਿੱਚ 5 ਮੈਂਬਰ ਹਨ। ਇੱਥੇ ਨੋਟ ਕਰਨ ਵਾਲੀ ਗੱਲ ਹੈ ਕਿ ਲਕਸ਼ਮੀ ਦੀ ਮਹੀਨਾਵਾਰ ਆਮਦਨ ਵੀ ਮਹਿਜ਼ 500 ਰੁਪਏ ਹੈ। ਉਹ ਇੱਕ ਪਾਰਕ ਵਿੱਚ ਝਾੜੂ ਲਗਾਉਣ ਦਾ ਕੰਮ ਕਰਦੀ ਹੈ।

 

ਇਸ ਗਲੀ ਵਿੱਚ ਲਕਸ਼ਮੀ ਦੇਵੀ ਦਾ ਘਰ ਹੈ

ਮੂਲ ਰੂਪ ਵਿੱਚ ਬਿਹਾਰ ਦੇ ਛਪਰਾ ਜ਼ਿਲ੍ਹੇ ਦੀ ਰਹਿਣ ਵਾਲੀ ਲਕਸ਼ਮੀ ਦੇਵੀ ਆਪਣੇ ਪਰਿਵਾਰ ਨਾਲ ਬਚਪਨ ਵਿੱਚ ਹੀ ਕੋਲਕਾਤਾ ਚਲੀ ਗਈ। ਉਹ ਪਿਛਲੇ 40 ਸਾਲਾਂ ਤੋਂ, ਕੋਲਕਾਤਾ ਦਾ ਬਹੁਬਾਜ਼ਾਰ ਥਾਣਾ ਮਲਾਗਾ ਲਾਈਨ ਖੇਤਰ ਵਿੱਚ ਰਹਿੰਦੀ ਹੈ। ਉਸ ਦਾ ਵਿਆਹ ਬਿਹਾਰ ਦੇ ਵਸਨੀਕ ਚੰਦਰਦੇਵ ਪ੍ਰਸਾਦ ਨਾਲ ਹੋਇਆ ਸੀ, ਜਿਸ ਦੀ 2009 ਵਿੱਚ ਮੌਤ ਹੋ ਗਈ ਸੀ।

ਲਕਸ਼ਮੀ ਦੇਵੀ ਦੇ ਬਿਆਨ ਮੁਤਾਬਕ ਨਾ ਤਾਂ ਉਨ੍ਹਾਂ ਕੋਲ ਪਿੱਛੇ ਪਿੰਡ ਵਿੱਚ ਕੋਈ ਜ਼ਮੀਨ ਹੈ ਅਤੇ ਨਾ ਹੀ ਬੰਗਾਲ ਵਿੱਚ ਉਨ੍ਹਾਂ ਦੀ ਆਪਣੀ ਜ਼ਮੀਨ ਹੈ। ਪਤੀ ਦੀ ਮੌਤ ਤੋਂ ਬਾਅਦ, ਸਾਰੀ ਜ਼ਿੰਮੇਵਾਰੀ ਉਸ ਉੱਤੇ ਆ ਗਈ। ਉਸ ਦੇ ਤਿੰਨ ਪੁੱਤਰ ਅਤੇ ਤਿੰਨ ਧੀਆਂ ਹਨ। ਸਾਰਿਆਂ ਦੇ ਵਿਆਹ ਹੋ ਗਏ ਹਨ। ਹੁਣ ਉਹ ਆਪਣੇ ਦੋ ਪੁੱਤਰਾਂ ਨਾਲ ਰਹਿੰਦੀ ਹੈ। ਦੋਵੇਂ ਮੁੰਡੇ ਕੁਰੀਅਰ ਦਾ ਸਾਮਾਨ ਢੋਂਦੇ ਹਨ। 200 ਤੋਂ 300 ਰੁਪਏ ਰੋਜ਼ਾਨਾ ਕਮਾਈ ਹੋ ਜਾਂਦੀ ਹੈ।

14 ਫਰਵਰੀ ਨੂੰ ਅਖ਼ਬਾਰਾਂ ਵਿੱਚ ਛਪਿਆ ਇਸ਼ਤਿਹਾਰ (ਸਰੋਤ- ਨਿਊਜ਼ ਲੌਂਡਰੀ)

ਲਕਸ਼ਮੀ ਦੇਵੀ ਨੇ ਦੱਸਿਆ ਕਿ ਉਹ ਬਹੁਤ ਮੁਸ਼ਕਲ ਨਾਲ ਗੁਜ਼ਾਰਾ ਕਰਦੇ ਹਨ। 100 ਰੁਪਏ ਲੀਟਰ ਦੇ ਹਿਸਾਬ ਨਾਲ ਮਿੱਟੀ ਦਾ ਤੇਲ ਖ਼ਰੀਦ ਕੇ ਸਟੋਵ ਦੇ ਸਹਾਰੇ ਰੋਟੀ-ਟੁੱਕ ਕਰਦੇ ਹਨ। ਲਕਸ਼ਮੀ ਦੀ ਨੂੰਹ ਨੇ ਵੀ ਦੱਸਿਆ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਕਿਸੇ ਯੋਜਨਾ ਦਾ ਲਾਭ ਨਹੀਂ ਮਿਲਿਆ, ਬਲਕਿ ਉਹ ਤਾਂ ਬੇਹੱਦ ਮੁਸ਼ਕਲ ਨਾਲ ਗੁਜ਼ਾਰਾ ਕਰ ਰਹੇ ਹਨ ਅਤੇ ਝੁੱਗੀ ਵਿੱਚ ਰਹਿੰਦੇ ਹਨ, ਉਹ ਵੀ ਕਿਰਾਏ ਦੀ ਕਿਰਾਏ ਦੀ ਹੈ। 

ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ ਇਸ ਤਰ੍ਹਾਂ ਦੇ ਮਾਮਲੇ 

ਲਕਸ਼ਮੀ ਦੇਵੀ ਨਾਲ ਜੋ ਵਾਪਰਿਆ ਹੈ, ਇਸ ਤਰ੍ਹਾਂ ਦਾ ਵਾਕਿਆ ਪਹਿਲੀ ਵਾਰ ਨਹੀਂ ਹੋਇਆ। ਇਸ ਤੋਂ ਪਹਿਲਾਂ ਵੀ ਸਰਕਾਰ ਇਸ਼ਤਿਹਾਰਾਂ ਵਿੱਚ ਉਨ੍ਹਾਂ ਲੋਕਾਂ ਦੀਆਂ ਤਸਵੀਰਾਂ ਛਾਪ ਚੁੱਕੀ ਹੈ, ਜਿਨ੍ਹਾਂ ਨੂੰ ਕੋਈ ਲਾਭ ਨਹੀਂ ਮਿਲਿਆ। ਪਿਛਲੇ ਸਮੇਂ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲ ਹੀ ਵਿੱਚ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਦਫ਼ਤਰ ਦੇ ਟਵਿੱਟਰ ਹੈਂਡਲ ਤੋਂ ਦੁਰਗੇਸ਼ ਨਾਮ ਦੇ ਇੱਕ ਨੌਜਵਾਨ ਦੀ ਵੀਡੀਓ ਸਾਂਝੀ ਕੀਤੀ ਗਈ ਸੀ। 

ਵੀਡੀਓ ਦੀ ਕੈਪਸ਼ਨ ਵਿੱਚ ਲਿਖਿਆ ਗਿਆ ਹੈ, “ਦੁਰਗੇਸ਼ ਚੌਧਰੀ ਜੀ, ਮੁੱਖ ਮੰਤਰੀ ਸ੍ਰੀ ਯੋਗੀ ਆਦਿੱਤਿਆਨਾਥ ਮਹਾਰਾਜ ਦਾ ਸਰਕਾਰੀ ਨੌਕਰੀ ਲਈ ਕਰਵਾਈਆਂ ਗਈਆਂ ਪ੍ਰੀਖਿਆਵਾਂ ਦੇ ਸਮੇਂ ਅਨੁਸਾਰ ਨਤੀਜਿਆਂ ਅਤੇ ਪਾਰਦਰਸ਼ੀ ਚੋਣ ਪ੍ਰਕਿਰਿਆ ਲਈ ਧੰਨਵਾਦ ਕਰਦੇ ਹਨ। ਸ੍ਰੀ ਦੁਰਗੇਸ਼ ਚੌਧਰੀ ਨੂੰ ਮਾਲ ਲੇਖਾਕਾਰ ਦੇ ਅਹੁਦੇ ਲਈ ਪੂਰੀ ਪਾਰਦਰਸ਼ਤਾ ਨਾਲ ਨਿਯੁਕਤ ਕੀਤਾ ਗਿਆ।” 

ਇਸ ਵੀਡੀਓ ਤੇ ਵਿਰੋਧੀ ਧਿਰਾਂ ਅਤੇ ਨੌਜਵਾਨਾਂ ਨੇ ਸਰਕਾਰ ਦੀ ਆਲੋਚਨਾ ਕਰਦਿਆਂ ਤਿੱਖੇ ਸਵਾਲ ਕੀਤੇ। ਦਰਅਸਲ ਯੋਗੀ ਸਰਕਾਰ ਦੇ ਕਾਰਜਕਾਲ ਦੌਰਾਨ ਹਾਲੇ ਤਕ ਲੇਖਪਾਲ ਦੀ ਕੋਈ ਭਰਤੀ ਹੀ ਨਹੀਂ ਹੋਈ ਹੈ। ਵੀਡੀਓ ਵਿੱਚ ਇੰਟਰਵਿਊ ਦੇ ਰਹੇ ਨੌਜਵਾਨ ਦੁਰਗੇਸ਼ ਨੂੰ ਯੋਗੀ ਸਰਕਾਰ ਦੇ ਨਹੀਂ, ਬਲਕਿ ਅਖਿਲੇਸ਼ ਯਾਦਵ ਦੇ ਕਾਰਜਕਾਲ ਦੌਰਾਨ ਸਾਲ 2015 ਵਿੱਚ ਨੌਕਰੀ ਮਿਲੀ ਸੀ।

ਉਕਤ ਦੋਵਾਂ ਮਾਮਲਿਆਂ ਤੋਂ ਪਤਾ ਚੱਲਦਾ ਹੈ ਕਿ ਮੌਜੂਦਾ ਸਰਕਾਰ ਕਿਸ ਤਰ੍ਹਾਂ ਵੋਟ ਬੈਂਕ ਦੀ ਸਿਆਸਤ ਖੇਡ ਰਹੀ ਹੈ। ਵੋਟਾਂ ਲਈ ਕੁਝ ਵੀ ਕੀਤਾ ਜਾ ਸਕਦਾ ਹੈ, ਭਾਵੇਂ ਝੂਠ ਹੀ ਕਿਉਂ ਨਾ ਬੋਲਣਾ ਪਵੇ। ਭਾਵੇਂ ਇਸ਼ਤਿਹਾਰਾਂ ਵਿੱਚ ਲਾਮ-ਲਸ਼ਕਰ ਲਈ ਜ਼ਬਰਦਸਤੀ ਕਿਸੇ ਦੀ ਵੀ ਤਸਵੀਰ ਦਾ ਇਸਤੇਮਾਲ ਉਸ ਨੂੰ ਬਿਨ੍ਹਾਂ ਪੁੱਛੇ-ਦੱਸੇ ਕਰ ਲਿਆ ਜਾਵੇ। ਇਸ ਦੌਰ ਵਿੱਚ ਵੋਟਰਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਸੋਚ ਸਮਝ ਕੇ ਵੋਟ ਦਿਓ, ਅਖ਼ਬਾਰਾਂ ਜਾਂ ਟੀਵੀ ਚੈਨਲਾਂ ’ਤੇ ਪੈਸੇ ਦੇ ਕੇ ਲਗਵਾਏ ਇਸ਼ਤਿਹਾਰ ਵੇਖ ਕੇ ਨਹੀਂ।