‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਜੁਆਬ ਦੇਣ ਕਿ ਸਰਕਾਰ ਉਹਨਾਂ ਸ਼ਰਧਾਲੂਆਂ ਦੀ ਤਕਲੀਫਾਂ ਪ੍ਰਤੀ ਖਾਮੋਸ਼ ਅਤੇ ਬੇਧਿਆਨੀ ਕਿਉਂ ਹੋਈ ਬੈਠੀ ਹੈ, ਜਿਨ੍ਹਾਂ ਨੂੰ ਸ਼੍ਰੀ ਹਜ਼ੂਰ ਸਾਹਿਬ ਤੋਂ ਵਾਪਸ ਲਿਆਂਦਾ ਗਿਆ ਹੈ। ਪਾਰਟੀ ਨੇ ਕਿਹਾ ਕਿ ਸਰਕਾਰ ਨੇ ਸਰਕਾਰੀ ਏਕਾਂਤਵਾਸ ਕੇਂਦਰਾਂ ਵਿੱਚ ਸ਼ਰਧਾਲੂਆਂ ਨਾਲ ਹੋਈ ਬਦਸਲੂਕੀ ਦੀ ਜ਼ਿੰਮੇਵਾਰੀ ਕਿਉਂ ਨਹੀਂ ਤੈਅ ਕੀਤੀ ਹੈ?

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਸ਼ਰਧਾਲੂਆਂ ਨੂੰ ਗੰਦਗੀ ਭਰੇ ਏਕਾਂਤਵਾਸ ਕੇਂਦਰਾਂ ਵਿਚ ਰੱਖੇ ਜਾਣ ਪ੍ਰਤੀ ਲੋਕਾਂ ਵੱਲੋਂ ਉਠਾਏ ਇਤਰਾਜ਼ਾਂ ਦੇ ਬਾਵਜੂਦ ਮੁੱਖ ਮੰਤਰੀ ਨੇ ਇਸ ਸਮੁੱਚੇ ਮਾਮਲੇ ਦੀ ਜਾਂਚ ਕਰਵਾਉਣ ਲਈ ਹੁਕਮ ਜਾਰੀ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੀਆਂ ਤਕਲੀਫਾਂ ਪ੍ਰਤੀ ਵਿਖਾਈ ਅਜਿਹੀ ਕਠੋਰਤਾ ਕਰਕੇ ਹੀ ਪੰਜਾਬ ਦਾ ਹਰ ਵਰਗ ਦੁੱਖ ਭੋਗ ਰਿਹਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਸ਼ਰਧਾਲੂਆਂ ਦੀ ਵਾਪਸੀ ਦੇ ਪ੍ਰਬੰਧਾਂ ਵਿੱਚ ਵਰਤੀ ਗਈ ਲਾਪਰਵਾਹੀ ਦੀ ਇੱਕ ਉੱਚ ਪੱਧਰੀ ਜਾਂਚ ਕਰਵਾਏ ਜਾਣ ਅਤੇ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕਰਦਾ ਹੈ। ਉਨ੍ਹਾਂ ਕਿਹਾ ਕਿ ਜਦ ਤਕ ਇਹ ਜਾਂਚ ਨਹੀਂ ਹੁੰਦੀ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ, ਕਿਉਂਕਿ ਉਹ ਸਾਰੇ ਮੁਕਾਮਾਂ ਉੱੱਤੇ ਬੁਰੀ ਤਰ੍ਹਾਂ ਫੇਲ੍ਹ ਹੋਇਆ ਹੈ ਅਤੇ ਉਸ ਨੇ ਆਪਣੀ ਆਪਰਾਧਿਕ ਲਾਪਰਵਾਹੀ ਦਾ ਦੋਸ਼ ਦੂਜਿਆਂ ਸਿਰ ਮੜ੍ਹਣ ਦੀ ਕੋਸ਼ਿਸ਼ ਕੀਤੀ ਹੈ।

ਡਾਕਟਰ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਤੁਰੰਤ ਇਹ ਸਾਰੇ ਤੱਥ ਜਨਤਕ ਕਰਨੇ ਚਾਹੀਦੇ ਹਨ ਕਿ ਗੰਦਗੀ ਵਾਲੀਆਂ ਇਮਾਰਤਾਂ ਅੰਦਰ ਸ਼ਰਧਾਲੂਆਂ ਨੂੰ ਰੱਖਣ ਦਾ ਫੈਸਲਾ ਕਿਸੇ ਨੇ ਲਿਆ ਸੀ, ਜਿੱਥੇ ਕਿ ਸਾਫ਼-ਸਫਾਈ ਦੀਆਂ ਬੁਨਿਆਦੀ ਸਹੂਲਤਾਂ ਵੀ ਮੌਜੂਦ ਨਹੀਂ ਹਨ। ਉਹਨਾਂ ਕਿਹਾ ਕਿ ਇਹਨਾਂ ਏਕਾਂਤਵਾਸ ਕੇਂਦਰਾਂ ਦੀਆਂ ਆ ਰਹੀਆਂ ਵੀਡਿਓਜ਼ ਨੇ ਸੂਬੇ ਅਤੇ ਪੂਰੀ ਦੁਨੀਆਂ ਅੰਦਰ ਪੰਜਾਬੀਆਂ ਦੀ ਜ਼ਮੀਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹਰ ਕੋਈ ਸੂਬਾ ਸਰਕਾਰ ਵੱਲੋਂ ਕੀਤੀ ਅਪਰਾਧਿਕ ਲਾਪਰਵਾਹੀ ਬਾਰੇ ਗੱਲਾਂ ਕਰ ਰਿਹਾ ਹੈ। ਲੋਕ ਇਹ ਪੁੱਛ ਰਹੇ ਹਨ ਕਿ ਇਹਨਾਂ ਸ਼ਰਧਾਲੂਆਂ ਨੂੰ ਐਸਜੀਪੀਸੀ ਦੀਆਂ ਸਰਾਂਵਾਂ ਅੰਦਰ ਏਕਾਂਤਵਾਸ ਕਿਉਂ ਨਹੀਂ ਕੀਤਾ ਗਿਆ। ਕੀ ਉਹ ਕਾਂਗਰਸ ਪਾਰਟੀ ਦੀ ਘਟੀਆ ਰਾਜਨੀਤੀ ਦੇ ਸ਼ਿਕਾਰ ਹਨ?

Leave a Reply

Your email address will not be published. Required fields are marked *