ਚੰਡੀਗੜ੍ਹ- ਮੌਸਮ ਨੇ ਇੱਕ ਵਾਰ ਫਿਰ ਆਪਣਾ ਮਿਜ਼ਾਜ ਬਦਲ ਲਿਆ ਹੈ। ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਕਈ ਜਗ੍ਹਾ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਪਹਾੜਾਂ ‘ਚ ਖੂਬ ਬਰਫ਼ਬਾਰੀ ਹੋ ਰਹੀ ਹੈ ਅਤੇ ਇਸ ਦਾ ਅਸਰ ਪੰਜਾਬ, ਹਰਿਆਣਾ, ਦਿੱਲੀ ਸਮੇਤ ਕਈ ਸੂਬਿਆਂ ‘ਚ ਵੇਖਣ ਨੂੰ ਮਿਲ ਰਿਹਾ ਹੈ।  ਇਸ ਮੀਂਹ ਤੇ ਝੱਖੜ ਨੇ ਕਿਸਾਨਾਂ ਦੇ ਸਾਹ ਸੁਕਾ ਦਿੱਤੇ ਹਨ। ਇਸ ਨਾਲ ਕਣਕ ਦੀ ਫ਼ਸਲ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਦਿਨੀਂ ਹੋਰ ਬਾਰਸ਼ ਹੋ ਸਕਦੀ ਹੈ।

ਪੰਜਾਬ ‘ਚ ਪਏ ਮੀਂਹ ਅਤੇ ਗੜ੍ਹੇਮਾਰੀ ਨਾਲ ਕਿਸਾਨਾਂ ਦੀਆਂ ਪੱਕੀਆਂ ਕਣਕਾਂ ਬਰਬਾਦ ਹੋ ਗਈਆਂ ਹਨ। ਫ਼ਸਲਾਂ ‘ਚ ਗੜ੍ਹੇ ਅਤੇ ਮੀਂਹ ਪੈਣ ਕਾਰਨ ਪਾਣੀ ਇਕੱਠਾ ਹੋ ਗਿਆ ਹੈ। ਮੀਂਹ ਕਾਰਨ ਕਣਕ ਦੀ ਫ਼ਸਲ ਜ਼ਮੀਨ ‘ਤੇ ਵਿਛ ਗਈ ਹੈ ਅਤੇ ਬਿਲਕੁਲ ਖ਼ਰਾਬ ਹੋ ਚੁੱਕੀ ਹੈ। ਕਣਕ ਦੇ ਨਾਲ-ਨਾਲ ਆਲੂ ਦੀ ਫ਼ਸਲ ਨੂੰ ਵੀ ਮੀਂਹ ਕਾਰਨ ਕਾਫੀ ਨੁਕਸਾਨ ਪੁੱਜਿਆ ਹੈ। ਕਣਕ ਦੇ ਹੋ ਰਹੇ ਨੁਕਸਾਨ ਨਾਲ ਕਿਸਾਨਾਂ ਵਿੱਚ ਭਾਰੀ ਚਿੰਤਾ ਦਿਖਾਈ ਦੇ ਰਹੀ ਹੈ।

ਉਧਰ ਫਲਾਂ ਅਤੇ ਸਬਜ਼ੀਆਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੀ ਮੀਂਹ ਅਤੇ ਤੇਜ਼ ਹਵਾਵਾਂ ਨੇ ਚਿੰਤਾ ‘ਚ ਪਾ ਦਿੱਤਾ ਹੈ ਕਿਉਂਕਿ ਸਬਜ਼ੀਆਂ ਦੇ ਖ਼ਰਾਬ ਹੋਣ ਨਾਲ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪਵੇਗਾ। ਸੂਬਾਈ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਇਸ ਕੁਦਰਤੀ ਆਫ਼ਤ ਕਰਕੇ ਮੁਆਵਜ਼ੇ ਦਾ ਐਲਾਨ ਕਰਨਾ ਚਾਹੀਦਾ ਹੈ।

ਬੁੱਧਵਾਰ ਨੂੰ ਵੀ ਪੰਜਾਬ ਤੇ ਹਰਿਆਣਾ ਵਿੱਚ ਮੀਂਹ ਪਿਆ ਹੈ। ਇਸ ਨਾਲ ਪਹਿਲਾਂ ਤੋਂ ਹੀ ਮਾਰ ਹੇਠ ਆਈਆਂ ਫਸਲਾਂ ਨੂੰ ਹੋਰ ਨੁਕਸਾਨ ਪਹੁੰਚਿਆ ਹੈ। ਮੌਸਮ ਵਿਭਾਗ ਦੀ ਚੇਤਾਵਨੀ ਮਗਰੋਂ ਕਿਸਾਨਾਂ ਦੇ ਸਾਹ ਸੁੱਕੇ ਹੋਏ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੱਛਮੀ ਗੜਬੜੀ ਕਰਕੇ ਉੱਤਰੀ ਖਿੱਤੇ ’ਚ ਅਗਲੇ ਤਿੰਨ ਦਿਨ ਮੀਂਹ ਤੇ ਬਰਫ਼ਬਾਰੀ ਪੈਣ ਦੀ ਸੰਭਾਵਨਾ ਹੈ।

ਬੁੱਧਵਾਰ ਨੂੰ ਮੁਹਾਲੀ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਅੰਬਾਲਾ , ਕਰਨਾਲ, ਭਿਵਾਨੀ, ਨਾਰਨੌਲ ਤੇ ਪੰਚਕੂਲਾ ਵਿੱਚ ਮੀਂਹ ਪਿਆ। ਬਹੁਤੀਆਂ ਥਾਵਾਂ ਉੱਤੇ ਤਾਪਮਾਨ 20 ਤੋਂ 23 ਡਿਗਰੀ ਸੈਲਸੀਅਸ ਤੱਕ ਰਿਹਾ। ਬੇਸ਼ੱਕ ਘੱਟ ਤਾਪਮਾਨ ਕਣਕ ਦੀ ਫ਼ਸਲ ਲਈ ਲਾਹੇਵੰਦ ਹੈ ਪਰ ਜਿਸ ਜ਼ਮੀਨ ‘ਚ ਪਾਣੀ ਖੜ੍ਹਾ ਹੋ ਗਿਆ ਹੈ ਜਾਂ ਫ਼ਸਲ ਡਿੱਗ ਗਈ ਹੈ, ਉੱਥੇ ਨੁਕਸਾਨ ਹੋਣਾ ਲਾਜ਼ਮੀ ਹੈ।

Leave a Reply

Your email address will not be published. Required fields are marked *