India

ਭਾਰਤੀ ਜਲ ਸੈਨਾ ਦੇ ਜੰਗੀ ਬੇੜੇ ਮੂੰਹ ਤੋੜ ਜਵਾਬ ਦੇਣ ਲਈ ਤਿਆਰ, ਜੰਗੀ ਬੇੜੇ ਤੇ ਪਣਡੁੱਬੀਆਂ ਕੀਤੀਆਂ ਤੈਨਾਤ

‘ਦ ਖ਼ਾਲਸ ਬਿਊਰੋ:- ਭਾਰਤ ਅਤੇ ਚੀਨ ਵਿੱਚ ਹਾਲਾਤਾਂ ਦੇ ਤਣਾਅਪੂਰਨ ਚੱਲਦਿਆਂ ਪੂਰਬੀ ਲੱਦਾਖ ’ਚ ਸਰਹੱਦੀ ਵਿਵਾਦ ਮਗਰੋਂ ਚੀਨ ਨੂੰ ਸਪੱਸ਼ਟ ਸੁਨੇਹਾ ਦੇਣ ਲਈ ਭਾਰਤੀ ਜਲ ਸੈਨਾ ਨੇ ਹਿੰਦ ਮਹਾਸਾਗਰ ਖੇਤਰ ਵਿੱਚ ਵੱਡੀ ਗਿਣਤੀ ’ਚ ਜੰਗੀ ਬੇੜੇ ਅਤੇ ਪਣਡੁੱਬੀਆਂ ਤਾਇਨਾਤ ਕੀਤੀਆਂ ਹਨ। ਰੱਖਿਆ ਸੂਤਰਾਂ ਨੇ ਕਿਹਾ ਕਿ ਚੀਨ ਨੇ ਉਨ੍ਹਾਂ ਦੇ ਸੁਨੇਹੇ ਨੂੰ ਸਮਝ ਲਿਆ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਥਲ, ਹਵਾਈ ਅਤੇ ਜਲ ਸੈਨਾ ਦੇ ਨਾਲ-ਨਾਲ ਕੂਟਨੀਤਕ ਤੇ ਆਰਥਿਕ ਹਾਲਾਤਾਂ ’ਤੇ ਵੀ ਬਹੁ-ਪਰਤੀ ਪਹੁੰਚ ਅਪਣਾਈ ਹੈ ਤਾਂ ਜੋ ਚੀਨ ਨੂੰ ਸਪੱਸ਼ਟ ਸੁਨੇਹਾ ਦਿੱਤਾ ਜਾ ਸਕੇ ਕਿ ਚੀਨ ਵੱਲੋਂ ਪੂਰਬੀ ਲੱਦਾਖ ’ਚ ਕੀਤੀ ਗਈ ਘੁਸਪੈਠ ਬਿਲਕੁਲ ਵੀ ਸਵੀਕਾਰਨਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਤਿੰਨੇ ਸੈਨਾਵਾਂ ਦੇ ਮੁਖੀ ਵੀ ਨਿਯਮਤ ਆਧਾਰ ’ਤੇ ਇੱਕ-ਦੂਜੇ ਦੇ ਸੰਪਰਕ ’ਚ ਹਨ।

ਭਾਰਤ ਵੱਲੋਂ ਕੀਤੀ ਗਈ ਤਾਇਨਾਤੀ ਦੇ ਜਵਾਬ ’ਚ ਚੀਨ ਵੱਲੋਂ ਹਿੰਦ ਮਹਾਸਾਗਰ ’ਚ ਜਲ ਸੈਨਾ ਦੀ ਨਫ਼ਰੀ ਵਧਾਉਣ ਬਾਰੇ ਪੁੱਛੇ ਜਾਣ ’ਤੇ ਸੂਤਰਾਂ ਨੇ ਕਿਹਾ ਕਿ ਚੀਨੀ ਬੇੜਿਆਂ ਦਾ ਅਜਿਹਾ ਕੋਈ ਵਾਧਾ ਦੇਖਣ ਨੂੰ ਨਹੀਂ ਮਿਲਿਆ ਹੈ। ਚੀਨ ਵੱਲੋਂ ਦੱਖਣੀ ਚੀਨ ਸਾਗਰ ’ਚ ਵਧੇਰੇ ਤਾਇਨਾਤੀ ਕੀਤੀ ਗਈ ਹੈ ਕਿਉਂਕਿ ਅਮਰੀਕਾ ਉਸ ਖਿੱਤੇ ’ਚ ਚੀਨ ਨੂੰ ਚੁਣੌਤੀ ਦੇ ਰਿਹਾ ਹੈ। ਇਸ ਕਰ ਕੇ ਉਹ ਹਿੰਦ ਮਹਾਸਾਗਰ ਵੱਲ ਜ਼ਿਆਦਾ ਧਿਆਨ ਨਹੀਂ ਦੇ ਰਿਹਾ ਹੈ।