India

ਭਾਜਪਾ ਪ੍ਰਧਾਨ ਨੱਡਾ ਦੀ ਕੇਂਦਰ ਮੰਤਰੀ ਨੂੰ ਸਖ਼ਤ ਚਿਤਾਵਨੀ, ਵਿਵਾਦਿਤ ਬਿਆਨਾਂ ਤੋਂ ਗੁਰੇਜ਼ ਕਰਨ ਦੀ ਦਿੱਤੀ ਹਦਾਇਤ

ਨਵੀਂ ਦਿੱਲੀ: ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੂੰ ਵਿਵਾਦਤ ਬਿਆਨਾਂ ਕਰਕੇ ਸਖ਼ਤ ਚੇਤਾਵਨੀ ਦਿੱਤੀ ਹੈ। ਉਨ੍ਹਾਂ ਗਿਰੀਰਾਜ ਨੂੰ ਭਵਿੱਖ ਵਿੱਚ ਅਜਿਹੇ ਵਿਵਾਦਿਤ ਬਿਆਨ ਦੇਣ ਤੋਂ ਗੁਰੇਜ਼ ਕਰਨ ਦੀ ਹਦਾਇਤ ਵੀ ਦਿੱਤੀ ਹੈ। ਦੱਸ ਦੇਈਏ ਕਿ ਗਿਰੀਰਾਜ ਸਿੰਘ ਦੇ ਵਿਵਾਦਪੂਰਨ ਬਿਆਨਾਂ ਕਾਰਨ ਭਾਜਪਾ ਦੇ ਕੇਂਦਰੀ ਨੇਤਾ ਨਾਰਾਜ਼ ਹਨ ਅਤੇ ਇਸੇ ਕਾਰਨ ਜੇਪੀ ਨੱਡਾ ਨੇ ਗਿਰੀਰਾਜ ਸਿੰਘ ਨੂੰ ਪਾਰਟੀ ਹੈੱਡਕੁਆਰਟਰ ਵਿਖੇ ਬੁਲਾਇਆ ਅਤੇ ਚੇਤਾਵਨੀ ਦਿੱਤੀ।

ਭਾਜਪਾ ਪ੍ਰਧਾਨ ਜੇ ਪੀ ਨੱਡਾ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦੇ ਗੈਰ ਜ਼ਿੰਮੇਵਾਰਾਨਾ ਬਿਆਨਾਂ ਤੋਂ ਨਾਰਾਜ਼ ਹਨ। ਹਾਲ ਹੀ ਵਿੱਚ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਗਿਰੀਰਾਜ ਸਿੰਘ ਨੇ ਕਈ ਵਿਵਾਦਪੂਰਨ ਬਿਆਨ ਦਿੱਤੇ ਸਨ।

ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਸੀਏਏ ਦੇ ਸਮਰਥਨ ਵਿੱਚ ਰੱਖੇ ਇੱਕ ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਸੀ ਕਿ ਦਿਓਬੰਦ ਅੱਤਵਾਦ ਦੀ ਗੰਗੋਤਰੀ ਹੈ। ਹਾਫਿਜ਼ ਸਈਦ ਸਣੇ ਸਾਰੇ ਵੱਡੇ ਅੱਤਵਾਦੀ ਇਥੋਂ ਬਾਹਰ ਆਉਂਦੇ ਹਨ। ਗਿਰੀਰਾਜ ਸਿੰਘ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਵੀ ਵਿਵਾਦਾਂ ਵਿੱਚ ਘਿਰੇ ਹੋਏ ਸਨ। ਉਸਨੇ ਸ਼ਾਹੀਨ ਬਾਗ ਦੇ ਮੁੱਦੇ ‘ਤੇ ਵਿਵਾਦਪੂਰਨ ਬਿਆਨ ਵੀ ਦਿੱਤਾ ਸੀ।

ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਟਵੀਟ ਕੀਤਾ ਸੀ, “ਸ਼ਾਹੀਨ ਬਾਗ ਹੁਣ ਸਿਰਫ ਇੱਕ ਅੰਦੋਲਨ ਨਹੀਂ ਰਿਹਾ। ਇਥੇ ਆਤਮਘਾਤੀ ਬੰਬ ਬਣਾਏ ਜਾ ਰਹੇ ਹਨ। ਦੇਸ਼ ਦੀ ਰਾਜਧਾਨੀ ਵਿੱਚ ਦੇਸ਼ ਖ਼ਿਲਾਫ਼ ਇੱਕ ਸਾਜ਼ਿਸ਼ ਚੱਲ ਰਹੀ ਹੈ। ਉਸਨੇ ਕਿਹਾ ਕਿ ਸ਼ਾਹੀਨ ਬਾਗ ਵਿੱਚ ਇੱਕ ਔਰਤ ਦਾ ਬੱਚਾ ਠੰਢ ਨਾਲ ਮਰ ਗਿਆ ਅਤੇ ਔਰਤ ਕਹਿੰਦੀ ਹੈ ਕਿ ਮੇਰਾ ਬੇਟਾ ਸ਼ਹੀਦ ਹੋ ਗਿਆ ਹੈ। ਇਹ ਆਤਮਘਾਤੀ ਬੰਬ ਨਹੀਂ ਤਾਂ ਕੀ ਹੈ? ਜੇਕਰ ਭਾਰਤ ਨੂੰ ਬਚਾਉਣਾ ਹੈ ਤਾਂ ਆਤਮਘਾਤੀ ਬੰਬਾਂ ਖਿਲਾਫ਼ ਦੇਸ਼ ਨੂੰ ਸੁਚੇਤ ਹੋਣਾ ਪਾਵੇਗਾ।”

Comments are closed.