ਚੰਡੀਗੜ੍ਹ ਬਿਊਰੋ- ਸਿੱਖ ਕੌਮ ਲਈ ਚਿੰਤਾ ਦੀ ਖਬਰ ਹੈ ਕਿ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ ਕੋਰੋਨਾਵਾਇਰਸ ਰਿਪੋਰਟ ਪਾਜ਼ੀਟਿਵ ਆਈ ਹੈ। ਜਿਸਤੋਂ ਬਾਅਦ ਸਿੱਖ ਸੰਗਤ ਵੱਲੋਂ ਉਨਾਂ ਲਈ ਦੁਆਵਾਂ ਮੰਗੀਆਂ ਜਾ ਰਹੀਆਂ ਹਨ। ਪਿਛਲੇ 3 ਦਿਨਾਂ ਤੋਂ ਅੰਮ੍ਰਿਤਸਰ ਹਸਪਤਾਲ ਵਿੱਚ ਆਈਸੋਲੇਟ ਭਾਈ ਨਿਰਮਲ ਸਿੰਘ ਖਾਲਸਾ ਹੁਣ ਠੀਕ ਹੋਣ ਉਪਰੰਤ ਹੀ ਸੰਗਤ ਨਾਲ ਗੱਲ ਕਰਨ ਸਕਣਗੇ।

ਭਾਈ ਸਾਹਿਬ ਕੁੱਝ ਦਿਨ ਪਹਿਲਾਂ ਇੰਗਲੈਂਡ ਦੀ ਯਾਤਰਾ ਕਰਕੇ ਵਾਪਸ ਭਾਰਤ ਆਏ ਸਨ ਅਤੇ ਵਾਪਸ ਆ ਕੇ ਉਹਨਾਂ ਖੁਦ ਪ੍ਰਸ਼ਾਸਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ ਜਿਸਤੋਂ ਬਾਅਦ ਉਨਾਂ ਦਾ ਟੈਸਟ ਕੀਤਾ ਗਿਆ। ਉਹਨਾਂ ਦਾ ਘਰ ਪ੍ਰਸ਼ਾਸਨ ਵੱਲੋਂ ਸੀਲ ਕਰ ਦਿੱਤਾ ਗਿਆ ਹੈ ਅਤੇ ਉਨਾਂ ਦੇ ਪਰਿਵਾਰ ਨੂੰ ਵੀ ਆਈਸੋਲੇਟ ਕਰ ਦਿੱਤਾ ਗਿਆ ਹੈ। ਭਾਈ ਸਾਹਿਬ ਦੇ ਕਾਰ ਡਰਾਇਵਰ ਅਤੇ ਇੱਕ ਸੇਵਾਦਾਰ ਦਾ ਵੀ ਕੋਰੋਨਾ ਟੈਸਟ ਕੀਤਾ ਜਾਵੇਗਾ।

3 ਕੁ ਦਿਨ ਪਹਿਲਾਂ ਕੋਰੋਨਾ ਟੈਸਟ ਹੋਣ ਵਕਤ ਭਾਈ ਨਿਰਮਲ ਸਿੰਘ ਖਾਲਸਾ ਨੇ ਇਸ ਦੀ ਜਾਣਕਾਰੀ ਫੇਸਬੁੱਕ ‘ਤੇ ਲੋਕਾਂ ਨਾਲ ਸਾਂਝੀ ਕਰਦਿਆਂ ਕਿਹਾ ਸੀ, ਕਿ ਮੈਂ ਬਿਲਕੁਲ ਠੀਕ ਠਾਕ ਹਾਂ, ਤੁਸੀਂ ਚਿੰਤਾ ਨਾ ਕਰੋ, ਮੈਂ ਜਲਦੀ ਠੀਕ ਹੋ ਕੇ ਤੁਹਾਡੇ ਨਾਲ ਲਾਈਵ ਜੁੜਾਂਗਾ।

ਹੁਣ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਟਰੈਵਲ ਹਿਸਟਰੀ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਹਨਾਂ ਨੇ ਕਿੱਥੇ-ਕਿੱਥੇ ਯਾਤਰਾ ਕੀਤੀ ਸੀ। ਜਾਣਕਾਰੀ ਮੁਤਾਬਕ ਭਾਈ ਨਿਰਮਲ ਸਿੰਘ ਖਾਲਸਾ ਕੁੱਝ ਦਿਨ ਪਹਿਲਾਂ ਚੰਡੀਗੜ੍ਹ ਵੀ ਗਏ ਸੀ ਜਿਸਤੋਂ ਬਾਅਦ ਪ੍ਰਸ਼ਾਸਨ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਕਿੰਨਾ-ਕਿੰਨਾ ਲੋਕਾਂ ਨੂੰ ਮਿਲੇ ਸਨ। ਇਸ ਤਰ੍ਹਾਂ ਕੜੀਆਂ ਜੋੜ ਕੇ ਉਹਨਾਂ ਲੋਕਾਂ ਨੂੰ ਆਈਸੋਲੇਟ ਕੀਤਾ ਜਾਵੇਗਾ। ਭਾਈ ਸਾਹਿਬ ਨਾਲ ਰਾਗੀ ਜਥੇ ਵਿੱਚ ਸ਼ਾਮਿਲ ਦੋ ਸਾਥੀ ਰਾਗੀਆਂ ਦਾ ਵੀ ਕੋਰੋਨਾ ਟੈਸਟ ਕਰਕੇ ਆਈਸੋਲੇਟ ਕੀਤਾ ਜਾ ਸਕਦਾ ਹੈ।