‘ਦ ਖ਼ਾਲਸ ਬਿਊਰੋ:- ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲੇ ‘ਚ ਸੁਣਵਾਈ ਕਰ ਰਹੀ ਅਦਾਲਤ ਨੇ ਵਿਸ਼ੇਸ਼ ਜਾਂਚ ਟੀਮ ਦੇ ਪ੍ਰਮੁੱਖ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਅੱਜ ਅਦਾਲਤ ਸਾਹਮਣੇ ਨਿੱਜੀ ਤੌਰ ’ਤੇ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ। ਅਦਾਲਤ ਨੇ ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਇੰਸਪੈਕਟਰ ਪ੍ਰਦੀਪ ਸਿੰਘ ਦੇ ਵਾਅਦਾ ਮੁਆਫ਼ ਗਵਾਹ ਬਣਨ ਵਾਲੇ ਮੁੱਦੇ ’ਤੇ ਵੀ ਫੈਸਲਾ ਕਰਨਾ ਹੈ।

ਇੰਸਪੈਕਟਰ ਪ੍ਰਦੀਪ ਸਿੰਘ ਵੱਲੋਂ ਇਲਾਕਾ ਮੈਜਿਸਟਰੇਟ ਸਾਹਮਣੇ ਬਹਿਬਲ ਕਲਾਂ ਗੋਲੀ ਕਾਂਡ ਦੀ ਸੱਚਾਈ ਬਾਰੇ ਦਿੱਤੇ ਬਿਆਨ ਦੀ ਨਕਲ ਵੀ ਵਿਸ਼ੇਸ਼ ਜਾਂਚ ਟੀਮ ਨੂੰ ਅੱਜ ਸੌਂਪੀ ਜਾਵੇਗੀ। ਸੂਤਰਾਂ ਮੁਤਾਬਕ ਸ਼ਿਕਾਇਤ ਕਰਤਾ ਧਿਰ ਨੇ ਅਦਾਲਤ ਵਿੱਚ ਅਰਜ਼ੀ ਦੇ ਕੇ ਇੰਸਪੈਕਟਰ ਪ੍ਰਦੀਪ ਸਿੰਘ ਦੇ ਬਿਆਨ ਦੀ ਨਕਲ ਮੰਗੀ ਹੈ। ਇਸ ਤੋਂ ਇਲਾਵਾ ਹੋਰ ਧਿਰਾਂ ਨੇ ਵੀ ਅਦਾਲਤ ਵਿੱਚ ਅਰਜ਼ੀ ਦੇ ਕੇ ਬਿਆਨਾਂ ਦੀ ਨਕਲ ਜਾਰੀ ਕਰਨ ਦੀ ਮੰਗ ਕੀਤੀ ਹੈ।

ਦੂਜੇ ਪਾਸੇ ਸਾਬਕਾ ਐੱਸ.ਐੱਸ.ਪੀ ਚਰਨਜੀਤ ਸ਼ਰਮਾ ਨੇ ਪ੍ਰਦੀਪ ਸਿੰਘ ਦੇ ਵਾਅਦਾ ਮੁਆਫ਼ ਗਵਾਹ ਬਣਨ ਦਾ ਵਿਰੋਧ ਕੀਤਾ ਹੈ। ਬਹਿਬਲ ਕਲਾਂ ਗੋਲੀ ਕਾਂਡ ਵਿੱਚ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਕ੍ਰਿਸ਼ਨ ਭਗਵਾਨ ਦੇ ਭਰਾ ਰੇਸ਼ਮ ਸਿੰਘ ਨੇ ਅਦਾਲਤ ਵਿੱਚ ਅਰਜ਼ੀ ਦੇ ਕੇ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਉਸ ਦਾ ਪੱਖ ਸੁਣਨ ਦੀ ਮੰਗ ਕੀਤੀ ਹੈ। ਰੇਸ਼ਮ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਹ ਬਹਿਬਲ ਕਲਾਂ ਗੋਲੀ ਕਾਂਡ ਦਾ ਚਸ਼ਮਦੀਦ ਗਵਾਹ ਹੈ ਅਤੇ ਪੜਤਾਲ ਦੌਰਾਨ 25 ਅਗਸਤ 2017 ਨੂੰ ਪੁਲਿਸ ਨੇ ਉਸ ਦਾ ਬਿਆਨ ਵੀ ਲਿਖਿਆ ਸੀ ਪਰ ਪੁਲਿਸ ਨੇ ਉਸ ਨੂੰ ਮਾਮਲੇ ਵਿੱਚ ਗਵਾਹ ਵਜੋਂ ਸ਼ਾਮਿਲ ਨਹੀਂ ਕੀਤਾ। ਅਦਾਲਤ ਇਸ ਸਾਰੇ ਮਾਮਲੇ ਬਾਰੇ ਅੱਜ ਸਾਰੀਆਂ ਧਿਰਾਂ ਦਾ ਪੱਖ ਸੁਣੇਗੀ।

Leave a Reply

Your email address will not be published. Required fields are marked *