India Punjab

ਪੰਜਾਬ ਦੀਆਂ ਕੰਬਾਈਨਾਂ ਰਾਜਸਥਾਨ ਰੋਕੀਆਂ, 3 ਹਜ਼ਾਰ ਤੋਂ ਵੱਧ ਲੋਕ ਫ਼ਾਕੇ ਕੱਟਣ ਨੂੰ ਮਜ਼ਬੂਰ

ਚੰਡੀਗੜ੍ਹ ( ਹਿਨਾ ) ਹਰ ਸਾਲ ਦੀ ਤਰ੍ਹਾਂ ਕਣਕ ਦੀ ਵਾਢੀ ਲਈ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਗਈਆਂ ਪੰਜਾਬ ਦੀਆਂ ਕੰਬਾਈਨਾਂ ਜਾਂਦੀਆਂ ਹਨ, ਪਰ ਇਸ ਵਾਰ ਸਾਰੀਆਂ ਕੰਬਾਈਨਾਂ ਲਈ ਪਰਤਣਾ ਬੇਹੱਦ ਔਖਾ ਸਾਬਿਤ ਹੋ ਰਿਹਾ ਹੈ। ਡੀਸੀ ਦੇ ਹੁਕਮਾਂ ਤਹਿਤ ਮੱਧ ਪ੍ਰਦੇਸ਼ ਤੋਂ ਚੱਲੀਆਂ ਕੰਬਾਈਨਾਂ ਰਾਜਥਾਨ ਦੇ ਕਈ ਜ਼ਿਲ੍ਹਿਆਂ ‘ਚ ਰੋਕ ਲਈਆਂ ਗਈਆਂ ਹਨ। ਉਨ੍ਹਾਂ ਨੂੰ ਪਹਿਲਾਂ ਉੱਥੋਂ ਦੀ ਵਾਢੀ ਮੁਕਾ ਕੇ ਆਉਣ ਦੀ ਹਦਾਇਤ ਹੈ। ਇਸ ਤੋਂ ਇਲਾਵਾ ਤਿੰਨ ਹਜ਼ਾਰ ਤੋਂ ਵੱਧ ਡਰਾਈਵਰ ਜਾਂ ਕੰਬਾਈਨਾਂ ਦਾ ਕੰਮ ਕਰਨ ਵਾਲੇ ਪੰਜਾਬੀ ਕਿਰਤੀ ਟਰਾਂਸਪੋਰਟ ਦਾ ਕੋਈ ਸਾਧਨ ਨਾ ਹੋਣ ਕਰ ਕੇ ਫਾਕੇ ਕੱਟਣ ਲਈ ਮਜ਼ਬੂਰ ਹਨ। ਕਿਸੇ ਤਰੀਕੇ ਪੰਜਾਬ ਲੰਘ ਆਉਣ ਵਾਲਿਆਂ ਨੂੰ ਇਕਾਂਤਵਾਸ ਵਿੱਚ ਰੱਖਣ ਦਾ ਡਰ ਸਤਾਉਣ ਲੱਗਾ ਹੈ।

ਉਨ੍ਹਾਂ ਦਾ ਸੀਜ਼ਨ ਵੀ ਮਾਰੇ ਜਾਣ ਦਾ ਖ਼ਤਰਾ ਮੰਡਰਾ ਰਿਹਾ ਹੈ। ਸੰਗਰੂਰ ਜਿਲ੍ਹੇ ਦੇ ਲਹਿਰਾ ਬਲਾਕ ਦੇ ਪਿੰਡ ਜਲੂਰ ਦਾ ਰਣਬੀਰ ਸਿੰਘ ਆਪਣੇ ਦੋਸਤਾਂ ਨਾਲ ਸੱਤ ਕੰਬਾਈਨਾਂ ਲੈ ਕੇ ਮੱਧ ਪ੍ਰਦੇਸ਼ ਤੋਂ ਦਸ ਦਿਨ ਪਹਿਲਾਂ ਚੱਲਿਆ ਸੀ। ਤਿੰਨ ਦਿਨਾਂ ਤੋਂ ਉਹ ਰਾਜਸਥਾਨ ਵਿੱਚ ਫਸੇ ਹੋਏ ਹਨ। ਕੋਟਾ ਅਤੇ ਕਈ ਹੋਰ ਜ਼ਿਲ੍ਹਿਆਂ ਵਿੱਚ ਜੁਬਾਨੀ ਹੁਕਮਾਂ ਤਹਿਤ ਪਹਿਲਾਂ ਉੱਥੋਂ ਦੀ ਫ਼ਸਲ ਕੱਟ ਕੇ ਹੀ ਅੱਗੇ ਜਾਣ ਦੀ ਇਜਾਜ਼ਤ ਮਿਲਾਗੀ। ਉਨ੍ਹਾਂ ਕਿਹਾ ਕਿ ਫ਼ਸਲਕ ਕੱਟ ਵੀ ਦੇਣ ਪਰ ਮੁਸ਼ਕਲ ਇਹ ਹੈ ਕਿ ਇੱਥੇ ਪੈਸੇ ਵੀ ਮੌਕੇ ਉੱਤੇ ਨਹੀਂ ਦਿੱਤੇ ਜਾ ਰਹੇ। ਸੀਜ਼ਨ ਤੋਂ ਵੀ ਵੱਧ ਹੁਣ ਉਨ੍ਹਾਂ ਨੂੰ ਪਿੱਛੇ ਆਪਣੀ ਫ਼ਸਲ ਦੀ ਵਾਢੀ ਕਰਨ ਦੀ ਚਿੰਤਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਵੱਲ ਆਉਣ ਦਾ ਹਰ ਹੀਲਾ ਵਰਤਣਗੇ। ਉਨ੍ਹਾਂ ਤੋਂ ਪਹਿਲਾਂ ਕੁੱਝ ਹੋਰ ਗਏ ਹਨ ਜਿਨ੍ਹਾਂ ਨੂੰ 14 ਦਿਨ ਦੇ ਇਕਾਂਤਵਾਸ ਵਿੱਚ ਰੱਖਣ ਦਾ ਹੁਕਮ ਦੇ ਦਿੱਤਾ ਗਿਆ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਸੀਜ਼ਨ ਤਾਂ ਮਾਰਿਆ ਹੀ ਗਿਆ ਹੈ। ਇਸ ਲਈ ਕਈ ਆਉਣ ਤੋਂ ਝਿਜਕਣ ਲੱਗੇ ਹਨ। ਉਹ ਇਹ ਵੀ ਮੰਗ ਕਰ ਰਹੇ ਹਨ ਕਿ ਟੈਸਟ ਕਰਵਾ ਲਏ ਜਾਣ ਜਾਂ ਖੇਤਾਂ ਵਿੱਚ ਹੀ ਰਹਿਣ ਦੀ ਪਾਬੰਦੀ ਲਾ ਦਿੱਤੀ ਜਾਵੇ ਪਰ ਇਕਾਂਤਵਾਸ ਦੀ ਸ਼ਰਤ ‘ਤੇ ਪੰਜਾਬ ਸਰਕਾਰ ਨੂੰ ਛੋਟ ਦੇਣੀ ਚਾਹੀਦੀ ਹੈ। ਇੱਕ ਅੰਦਾਜੇ ਅਨੁਸਾਰ ਪੰਜਾਬ ਵਿੱਚ ਲਗਭਗ 17 ਹਜ਼ਾਰ ਕੰਬਾਈਨ ਹੈ। ਦੋ ਹਜ਼ਾਰ ਤੋਂ ਵੱਧ ਕੰਬਾਈਨ ਅਜੇ ਦੂਸਰੇ ਰਾਜਾਂ ਵਿੱਚ ਅਟਕੀ ਹੋਈ ਹੈ। ਇੱਕ ਹੋਰ ਕੰਬਾਈਨ ਮਾਲਕ ਨੇ ਕਿਹਾ ਕਿ ਜੇਕਰ ਕੰਬਾਈਨ ਦਾ ਕੋਈ ਪੁਰਜਾ ਖ਼ਰਾਬ ਹੋ ਜਾਵੇ ਤਾਂ ਮਾਰਕੀਟ ਬੰਦ ਹੋਣ ਕਰਕੇ ਇਹ ਨਹੀਂ ਮਿਲਨਾ ਨਹੀਂ। ਕਰੀਬ 3 ਹਜ਼ਾਰ ਪੰਜਾਬੀ ਕੰਬਾਈਨ ਡਰਾਈਵਰ ਅਤੇ ਹੈਲਪਰ ਹੋਰਾਂ ਸੂਬਿਆਂ ਵਿੱਚ ਜਾਂਦੇ ਹਨ। ਉੱਧਰ ਸੀਜ਼ਨ ਲਾ ਕੇ ਪੰਜਾਬ ਦੀਆਂ ਕੰਬਾਈਨਾਂ ਉੱਤੇ ਵੀ ਉਹ ਕੰਮ ਕਰ ਲੈਂਦੇ ਹਨ। ਸਭ ਨੇ ਰੇਲ ਗੱਡੀਆਂ ਦੀਆਂ ਟਿਕਟਾਂ ਬੁੱਕ ਕਰਵਾ ਰੱਖੀਆਂ ਸਨ ਪਰ ਇੱਕ ਦਮ ਲਾਕਡਾਊਨ ਦਾ ਹੁਕਮ ਹੋਣ ਕਾਰਨ ਸਾਰੇ ਵੱਖ-ਵੱਖ ਸੂਬਿਆਂ ਵਿੱਚ ਫਸੇ ਹੋਏ ਹਨ।