ਚੰਡੀਗੜ੍ਹ- ਪੰਜਾਬੀਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਪੰਜਾਬ ਵਿੱਚ ਦੁੱਧ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਹ ਐਲਾਨ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤਾ ਹੈ। ਰੰਧਾਵਾ ਨੇ ਮਿਲਕ ਦੇ ਬਰਾਂਡ ਵੇਰਕਾ ਵੱਲੋਂ ਸਪਲਾਈ ਕੀਤੇ ਜਾਂਦੇ ਦੁੱਧ ਦੀ ਨਿਰਵਿਘਨ ਸੇਵਾ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਦੇ ਚੱਲਦਿਆਂ ਮਿਲਕਫੈੱਡ ਕਿਸੇ ਵੀ ਹੰਗਾਮੀ ਸਥਿਤੀ ਨਾਲ ਟਾਕਰੇ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੁੱਕਾ ਦੁੱਧ ਅਤੇ ਲੰਬੇ ਮਿਆਦ ਵਾਲੇ ਦੁੱਧ ਦੀ ਸਪਲਾਈ ਵਿੱਚ ਵੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਸ. ਰੰਧਾਵਾ ਨੇ ਕਿਹਾ ਕਿ ਮਿਲਕਫੈਡ ਵੱਲੋਂ ਜਿੱਥੇ ਦੁੱਧ ਦੀ ਸਪਲਾਈ ਵਧਾਉਂਦਿਆਂ ਉਪਭੋਗਤਾ ਦੀ ਮੰਗ ਪੂਰੀ ਕੀਤੀ ਜਾ ਰਹੀ ਹੈ ਉਥੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਲੰਬੇ ਮਿਆਦ ਵਾਲੇ ਦੁੱਧ ਦੀ ਪੈਕੇਟਾਂ ਅਤੇ ਸੁੱਕੇ ਦੁੱਧ ਦੀ ਸਪਲਾਈ ਵੀ ਕੀਤੀ ਜਾ ਰਹੀ ਹੈ ਅਤੇ ਸਕਿਮਡ ਦੁੱਧ ਅਤੇ ਦੁੱਧ ਪਾਊਡਰ ਹੇਠਲੇ ਪੱਧਰ ਤੱਕ ਵੇਰਕਾ ਬੂਥਾਂ, ਮਿਲਕ ਬਾਰ ਅਤੇ ਪ੍ਰਚੂਨ ਦੀਆਂ ਦੁਕਾਨਾਂ ਉੱਤੇ ਉਪਲੱਬਧ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਮਾਰਕੀਟ ਵਿੱਚ 20 ਮੀਟਰਿਕ ਟਨ ਦੁੱਧ ਵਾਲਾ ਪਾਊਡਰ ਪਹਿਲਾਂ ਹੀ ਭੇਜ ਦਿੱਤਾ ਗਿਆ ਹੈ ਅਤੇ 150 ਮੀਟਰਿਕ ਟਨ ਦੁੱਧ ਵਾਲਾ ਪਾਊਡਰ ਜੋ 15 ਲੱਖ ਲਿਟਰ ਦੁੱਧ ਦੀ ਥਾਂ ਵਰਤਿਆ ਜਾ ਸਕਦਾ ਹੈ,ਆਉਂਦੇ ਸੱਤ ਦਿਨਾਂ ਅੰਦਰ ਸਪਲਾਈ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਦੁੱਧ ਦੀ ਪ੍ਰਾਸੈਸਿੰਗ ਪਿਛਲੇ ਸਾਲ ਦੇ ਮਾਰਚ ਮਹੀਨੇ ਨਾਲੋਂ 16 ਫੀਸਦੀ ਵੱਧ ਹੈ ਜਿਸ ਕਾਰਨ ਉਨ੍ਹਾਂ ਦਾ ਵਿਭਾਗ ਲੋਕਾਂ ਦੀ ਹਰ ਮੰਗ ਪੂਰੀ ਕਰਨ ਦੀ ਸਮਰੱਥਾ ਰੱਖਦਾ ਹੈ। ਆਉਂਦੇ ਦਿਨਾਂ ਵਿੱਚ ਵੇਰਕਾ ਵੱਲੋਂ ਦੁੱਧ ਦੀ ਨਿਰਵਿਘਨ ਸਪਲਾਈ ਜਾਰੀ ਰਹੇਗੀ।

ਮਿਲਕਫੈਡ ਦੇ ਚੇਅਰਮੈਨ ਕੈਪਟਨ ਹਰਮਿੰਦਰ ਸਿੰਘ ਨੇ ਕਿਹਾ ਕਿ ਦੁੱਧ ਦੀ ਸਪਲਾਈ ਦੌਰਾਨ ਸਾਫ਼-ਸਫਾਈ ਤੇ ਸ਼ੁੱਧਤਾ ਦਾ ਪੂਰੇ ਮਿਆਰਾਂ ਨਾਲ ਖਿਆਲ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਅਤਿ-ਆਧੁਨਿਕ ਤਕਨੀਕਾਂ ਵਾਲੇ ਪਲਾਂਟਾਂ ਵਿੱਚ ਸਾਰੇ ਸਫਾਈ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਗਿਆ ਹੈ ਅਤੇ ਮਿਲਕਫੈਡ ਦੇ ਸਾਰੇ ਕਰਮਚਾਰੀ ਪੂਰੀ ਤਰ੍ਹਾਂ ਸੰਵੇਦਨਸ਼ੀਲ ਹਨ ਅਤੇ ਵਿਸ਼ਵ ਸਿਹਤ ਸੰਸਥਾ ਅਤੇ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਸਿਹਤ ਸਬੰਧੀ ਜਾਰੀ ਦਿਸ਼ਾਂ ਨਿਰਦੇਸ਼ਾਂ ਦੀ ਪੂਰੀ ਪਾਲਣਾ ਕੀਤੀ ਜਾ ਰਹੀ ਹੈ।

ਚੇਅਰਮੈਨ ਨੇ ਕਿਹਾ ਕਿ ਦੁੱਧ ਦੀ ਸਪਲਾਈ ਵੇਰਕਾਂ ਪ੍ਰਾਸੈਸਿੰਗ ਪਲਾਂਟ ਤੋਂ ਉਪਭੋਗਤਾ ਤੱਕ ਪਹੁੰਚਾਣ ਦੇ ਹਰ ਪੱਧਰ ਤੱਕ ਸਪਲਾਈ ਚੇਨ ਵਿੱਚ ਸਾਫ਼-ਸਫਾਈ ਤੇ ਸ਼ੁੱਧਤਾ ਦੇ ਮਿਆਰਾਂ ਨੂੰ ਕਾਇਮ ਰੱਖਣਾ ਯਕੀਨੀ ਬਣਾਉਣ ਦੇ ਨਾਲ-ਨਾਲ ਕਿਸਾਨਾਂ ਨੂੰ ਭੁਗਤਾਨ ਵੀ ਸਮੇਂ ਸਿਰ ਹੁੰਦਾ ਰਹੇਗਾ। ਉਨ੍ਹਾਂ ਕਿਹਾ ਕਿ ਦੁੱਧ ਦੀ ਸਪਲਾਈ ਦੀ ਕੋਈ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ।

ਮਿਲਕਫੈਡ ਦੇ ਐਮ.ਡੀ. ਕਮਲਦੀਪ ਸਿੰਘ ਸੰਘਾ ਨੇ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ ਰੋਜ਼ਾਨਾ 12 ਲੱਖ ਲਿਟਰ ਦੁੱਧ ਪੰਜਾਬ ਤੇ ਗੁਆਂਢੀ ਸੂਬਿਆਂ ਨੂੰ ਸਪਲਾਈ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਪਲਾਈ ਤਾਂ ਯਕੀਨੀ ਬਣਾਈ ਹੀ ਗਈ ਹੈ ਪਰ ਫੇਰ ਵੀ ਕਿਸੇ ਹੰਗਾਮੀ ਸਥਿਤੀ ਦਾ ਮੁਕਾਬਲਾ ਕਰਨ ਲਈ ਮਿਲਕਫੈਡ ਕੋਲ 100 ਤੋਂ 180 ਦਿਨਾਂ ਤੱਕ ਮਿਆਦ ਵਾਲੇ ਦੁੱਧ ਦੀ ਸਪਲਾਈ ਵੀ ਮੌਜੂਦ ਹੈ ਜੋ ਤਾਜ਼ੇ ਦੁੱਧ ਦਾ ਬਦਲ ਸਾਬਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਹਿਕਾਰਤਾ ਮੰਤਰੀ ਦੀਆਂ ਹਦਾਇਤਾਂ ਦੀ ਪੂਰੀ ਪਾਲਣਾ ਕਰਦੇ ਹੋਏ ਮਿਲਕਫੈਡ ਵੱਲੋਂ ਰੋਜ਼ਮਰਾ ਦੀ ਵਰਤੋਂ ਦੀ ਸਭ ਤੋਂ ਅਹਿਮ ਚੀਜ਼ ਦੁੱਧ ਦੀ ਸਪਲਾਈ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪੰਜਾਬ ਤੇ ਗੁਆਂਢੀ ਰਾਜਾਂ ਦੇ ਉਪਭੋਗਤਾ ਨੂੰ ਇਸ ਬਾਰੇ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ।

Leave a Reply

Your email address will not be published. Required fields are marked *