‘ਦ ਖ਼ਾਲਸ ਬਿਊਰੋ(ਪੁਨੀਤ ਕੌਰ)- ਚੁੱਪ ਭਲੀ ਹੈ ਪਰ ਸਾਡੇ ਅੰਦਰ ਦੀ। ਜ਼ੁਬਾਨ ਦੀ ਚੁੱਪੀ ਸਾਡੇ ਅੰਦਰ ਦੇ ਵਿਚਾਰਾਂ ਦੀ ਚੁੱਪੀ ਨਹੀਂ ਹੈ। ਬੋਲੋ ਜ਼ਰੂਰ ਬੋਲੋ ਪਰ ਗੁਣ ਗਾਓ ਉਸ ਗੁਣੀ ਨਿਧਾਨ ਦੇ ਤਾਂ ਜੋ ਸਾਡੇ ਅੰਦਰ ਦੀ ਚੁੱਪ ਜਨਮ ਲਵੇ। ਸਾਡੇ ਅੰਦਰ ਦੇ ਵਿਚਾਰ ਕਲਪਨਾ ਦਾ ਅਕਾਸ਼ ਹੈ ਪਰ ਸਾਡੀ ਬਾਹਰ ਦੀ ਚੁੱਪ ਕੁਦਰਤ ਨਾਲੋਂ ਤੋੜ ਦੇਵੇਗੀ ਮਤਲਬ ਕੁਦਰਤ ਦੇ ਗੁਣ ਗਾ ਕੇ ਕਾਦਰ ਨਾਲ ਜੁੜੋ, ਅੰਦਰ ਆਪਣੇ-ਆਪ ਵਿਸਮਾਦੀ ਮੋਨ ਆ ਜਾਵੇਗਾ। ਬਾਹਰ ਦਾ ਮੋਨ, ਵਿਸਮਾਦ ਦਾ ਮੋਨ ਹੋ ਹੀ ਨਹੀਂ ਸਕਦਾ ਜਿਵੇਂ ਗੂੰਗਾ ਜਨਮ ਤੋਂ ਮੋਨਧਾਰੀ ਹੈ ਪਰ ਉਸਦੇ ਮਨ ਅੰਦਰ ਵਿਚਾਰ ਤਾਂ ਹਮੇਸ਼ਾ ਚੱਲਦੇ ਰਹਿੰਦੇ ਹਨ। ਇਸ ਲਈ ਉਸ ਪਰਮਾਤਮਾ ਦੇ ਗੁਣ ਗਾ-ਗਾ ਕੇ ਉਸ ਅਵਸਥਾ ਵਿੱਚ ਪਹੁੰਚ ਜਾਣਾ ਜਿੱਥੇ ਵਿਸਮਾਦੀ ਮੁਸਕੁਰਾਹਟ ਹੈ,ਉਹ ਅੰਤਰੀਵ ਮੋਨ ਹੈ।

ਇੱਕ ਵਾਰ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ ਇੱਕ ਸਿੰਘ ਨਾਲ ਇੱਕ ਮੁਨੀ ਜੀ ਨਾਲ ਆਏ। ਸਿੱਖ ਨੇ ਗੁਰੂ ਜੀ ਨੂੰ ਦੱਸਿਆ ਕਿ ਇਹ ਮੁਨੀ ਜੀ ਬਹੁਤ ਪਹੁੰਚੇ ਹੋਏ ਹਨ, ਕਈ ਸਾਲਾਂ ਤੋਂ ਮੋਨਧਾਰੀ ਹਨ,ਆਪਣੀ ਜ਼ੁਬਾਨ ਨਹੀਂ ਖੋਲ੍ਹਦੇ। ਗੁਰੂ ਜੀ ਮੁਸਕੁਰਾ ਕੇ ਬੋਲੇ ਕਿ ਬੋਲਦੇ ਵੀ ਨਹੀਂ ਹਨ, ਕਿਸੇ ਤੋਂ ਮੰਗ ਵੀ ਨਹੀਂ ਸਕਦੇ ਪਰ ਇਨ੍ਹਾਂ ਦੀਆਂ ਕੁੱਝ ਇੱਛਾਵਾਂ ਤਾਂ ਹੋਣਗੀਆਂ।
ਗੁਰੂ ਜੀ ਨੇ ਦਇਆ ਸਿੰਘ ਜੀ ਵੱਲ ਇੱਕ ਖ਼ਾਸ ਜਿਹਾ ਇਸ਼ਾਰਾ ਕੀਤਾ ਤੇ ਬੋਲੇ, ਦਇਆ ਸਿੰਘ ਜੀ, ਇਹਨਾਂ ਨੂੰ ਆਪਣੇ ਨਾਲ ਲੈ ਜਾਓ,ਇਹਨਾਂ ਦੀ ਖੀਰ ਪੂੜੇ ਅਤੇ ਦੁੱਧ ਨਾਲ ਸੇਵਾ ਕਰੋ,ਇਸ਼ਨਾਨ ਅਤੇ ਰਾਤ ਦੇ ਅਰਾਮ ਲਈ ਇੰਤਜ਼ਾਮ ਕਰੋ,ਅਸੀਂ ਸਵੇਰੇ ਇਹਨਾਂ ਦੇ ਦਰਬਾਰ ਵਿੱਚ ਦੀਦਾਰ ਕਰਾਂਗੇ।

ਦਇਆ ਸਿੰਘ ਜੀ ਮੁਨੀ ਜੀ ਨੂੰ ਆਪਣੇ ਨਾਲ ਲੈ ਗਏ। ਦਇਆ ਸਿੰਘ ਨੇ ਮੁਨੀ ਜੀ ਨੂੰ ਸੁੱਕੀਆਂ ਰੋਟੀਆਂ ਤੇ ਪਾਣੀ ਦਿੱਤਾ। ਪਰ ਮੁਨੀ ਜੀ ਦੀ ਨਾ ਤਾਂ ਜ਼ੁਬਾਨ ਦੀ ਲਾਰ ਸੰਤੁਸ਼ਟ ਸੀ ਤੇ ਨਾ ਹੀ ਅੰਦਰ ਦੀ ਲਹਿਰ। ਉਨ੍ਹਾਂ ਨੇ ਬੜੇ ਗੁੱਸੇ ਵਿੱਚ ਰਾਤ ਗੁਜਾਰੀ ਪਰ ਬੋਲ ਕੇ ਕਹਿ ਨਹੀਂ ਸਕਦੇ ਸੀ ਕਿਉਂਕਿ ਮੋਨ ਦੇ ਵਰਤ ਦਾ ਵਿਖਾਵਾ ਕਰ ਰਹੇ ਸੀ।

ਜਦੋਂ ਸਵੇਰ ਹੋਈ ਤਾਂ ਮੁਨੀ ਜੀ ਦਇਆ ਸਿੰਘ ਜੀ ਦੇ ਨਾਲ ਦਰਬਾਰ ਵਿੱਚ ਗਏ ਤਾਂ ਕਲਗੀਧਰ ਪਾਤਸ਼ਾਹ ਨੇ ਦਇਆ ਸਿੰਘ ਕੋਲੋਂ ਪ੍ਰਾਹੁਣਾਚਾਰੀ ਬਾਰੇ ਪੁੱਛਿਆ। ਦਇਆ ਸਿੰਘ ਬੋਲੇ, ਪਾਤਸ਼ਾਹ ਜੀਓ, ਤੁਹਾਡੇ ਹੁਕਮ ਅਨੁਸਾਰ ਪਹਿਲਾਂ ਤਾਂ ਗਰਮ ਜਲ ਨਾਲ ਇਸ਼ਨਾਨ ਕਰਵਾਇਆ, ਫਿਰ ਖੀਰ ਪੂੜੇ ਖਵਾਏ, ਜਦੋਂ ਪੂਰੇ ਤ੍ਰਿਪਤ ਹੋ ਗਏ ਤਾਂ ਵਧੀਆ ਬਿਸਤਰ ਉਪਰ ਸਵਾ ਦਿੱਤਾ।
ਦਇਆ ਸਿੰਘ ਜੀ ਤਾਂ ਮਹਿਮਾਨ ਨਿਵਾਜ਼ੀ ਬਾਰੇ ਬੋਲਦੇ ਜਾ ਰਹੇ ਸਨ ਪਰ ਮੁਨੀ ਜੀ ਦਾ ਗੁੱਸਾ ਤਾਂ ਸੱਤਵੇਂ ਅਸਮਾਨ ਉੱਪਰ ਜਾ ਰਿਹਾ ਸੀ। ਉਨ੍ਹਾਂ ਨੇ ਬਹੁਤ ਰੋਕਿਆ ਪਰ ਮੋਨ ਨਾ ਰਿਹਾ। ਅਚਾਨਕ ਬੋਲ ਹੀ ਪਏ, “ਝੂਠ ਹੈ ਇਹ ਸਭ ਕੁੱਝ, ਗੁਰੂ ਜੀ ਤੁਹਾਡਾ ਸਿੱਖ ਬਿਲਕੁਲ ਝੂਠ ਬੋਲ ਰਿਹਾ ਹੈ। ਉਸਨੇ ਗੁੱਸੇ ਵਿੱਚ ਸਾਰੀ ਗੱਲ ਗੁਰੂ ਜੀ ਨੂੰ ਦੱਸੀ।

ਮੁਨੀ ਜੀ ਦੀ ਗੱਲ ਸੁਣ ਕੇ ਸਾਰਾ ਦਰਬਾਰ ਹੱਸ ਪਿਆ ਤੇ ਗੁਰੂ ਜੀ ਬੋਲੇ, “ਮੁਨੀ ਜੀ,ਮੋਨ ਬਾਹਰ ਦਾ ਨਹੀਂ ,ਅੰਦਰ ਦਾ ਧਾਰਨ ਕਰੋ। ਗੁਣ ਗਾਓ ਕਰਤੇ ਦੇ ਤਾਂ ਕਿ ਅੰਤਰ ਮੋਨ ਵਿੱਚ ਆ ਜਾਵੇ, ਮਨ ਬ੍ਰਿਸਾਮ ਹੋ ਜਾਵੇ।

Leave a Reply

Your email address will not be published. Required fields are marked *