‘ਦ ਖ਼ਾਲਸ ਬਿਊਰੋ :- ਅੰਮ੍ਰਿਤਸਰ ਸ਼ਹਿਰ ਦੇ ਕੋਟ ਖ਼ਾਲਸਾ ਇਲਾਕੇ ਦੇ ਇੱਕ ਮੁਹੱਲੇ ਵਿੱਚ ਗੁਰਬਾਣੀ ਦੀਆਂ ਪੋਥੀਆਂ ਤੇ ਗੁਟਕਿਆਂ ਦੀ ਬੇਅਦਬੀ ਦੇ ਮਾਮਲੇ ਵਿੱਚ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨਗਰ ਨਿਗਮ ਦੇ ਕੂੜਾ ਚੁੱਕਣ ਵਾਲੇ ਵਾਹਨ ਦੇ ਡਰਾਈਵਰ ਗੁਰਦੀਪ ਸਿੰਘ ਨੇ ਇਸ ਮਾਮਲੇ ਬਾਰੇ ਸ਼੍ਰੋਮਣੀ ਕਮੇਟੀ ਨੂੰ ਸੂਚਿਤ ਕੀਤਾ ਸੀ।

ਜਾਣਕਾਰੀ ਮਿਲਣ ’ਤੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ, ਮੁੱਖ ਸਕੱਤਰ ਡਾ. ਰੂਪ ਸਿੰਘ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾਂ ਘਟਨਾ ਸਥਾਨ ’ਤੇ ਪੁੱਜੇ। ਭਾਈ ਰਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ ਕਮੇਟੀ ਨੂੰ ਕੂੜਾ ਚੁੱਕਣ ਵਾਲੀ ਇੱਕ ਗੱਡੀ ਵਿੱਚੋਂ ਗੁਰਬਾਣੀ ਦੀਆਂ ਪੋਥੀਆਂ ਅਤੇ ਗੁਟਕੇ ਮਿਲਣ ਦੀ ਸੂਚਨਾ ਮਿਲੀ ਸੀ। ਡਰਾਈਵਰ ਗੁਰਦੀਪ ਸਿੰਘ ਨੇ ਦੱਸਿਆ ਕਿ ਕੱਲ੍ਹ ਸਵੇਰੇ ਕੋਟ ਖ਼ਾਲਸਾ ਇਲਾਕੇ ਵਿੱਚੋਂ ਕੂੜਾ ਇਕੱਠਾ ਕਰਨ ਵੇਲੇ ਇਕ ਘਰ ਦੇ ਬਾਹਰੋਂ ਬੋਰੀ ਮਿਲੀ ਸੀ। ਡੰਪ ’ਤੇ ਕੂੜਾ ਸੁੱਟਣ ਤੋਂ ਪਹਿਲਾਂ ਜਦੋਂ ਬੋਰੀ ਨੂੰ ਖੋਲ੍ਹ ਕੇ ਵੇਖਿਆ ਤਾਂ ਇਸ ਵਿੱਚ ਪੋਥੀਆਂ ਅਤੇ ਗੁਟਕੇ ਸਨ।

ਉਹ ਇਨ੍ਹਾਂ ਨੂੰ ਸੰਭਾਲ ਕੇ ਵਾਹਨ ਸਮੇਤ ਕੋਟ ਖ਼ਾਲਸਾ ਦੇ ਗੁਰਦੁਆਰੇ ਪੁੱਜ ਗਿਆ, ਜਿਥੋਂ ਉਹ ਗੁਰਦੁਆਰੇ ਦੇ ਪ੍ਰਬੰਧਕਾਂ ਦੀ ਮਦਦ ਨਾਲ ਬੋਰੀ ਸੁੱਟਣ ਵਾਲਿਆਂ ਦੇ ਘਰ ਗਏ। ਡਰਾਈਵਰ ਨੇ ਦੱਸਿਆ ਕਿ ਘਰ ਵਾਲਿਆਂ ਨੇ ਇਹ ਸਭ ਕੁੱਝ ਵਾਧੂ ਸਮਾਨ ਵਜੋਂ ਬਾਹਰ ਸੁੱਟਿਆ ਸੀ। ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ ’ਤੇ ਪੁਲੀਸ ਦੇ ਏਸੀਪੀ ਨਰਿੰਦਰ ਸਿੰਘ ਅਤੇ ਡੀਸੀਪੀ ਹਰਜੀਤ ਸਿੰਘ ਧਾਲੀਵਾਲ ਨੇ ਚਾਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸੇ ਦੌਰਾਨ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਪੁਲੀਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਜਾਂਚ ਦੇ ਆਦੇਸ਼ ਦਿੱਤੇ।

ਬੇਅਦਬੀ ਮਾਮਲੇ ’ਚ ਸ਼੍ਰੋਮਣੀ ਕਮੇਟੀ ਮੁਲਾਜ਼ਮ ਵੀ ਸ਼ਾਮਲ:
ਗੁਰਬਾਣੀ ਦੇ ਗੁਟਕਿਆਂ ਅਤੇ ਪੋਥੀ ਦੀ ਬੇਅਦਬੀ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਮੁਲਜ਼ਮਾਂ ‘ਚ ਇੱਕ ਸ਼੍ਰੋਮਣੀ ਕਮੇਟੀ ਮੁਲਾਜ਼ਮ ਵੀ ਸ਼ਾਮਲ ਹੈ। ਸ਼੍ਰੀ ਹਰਿਮੰਦਰ ਸਾਹਿਬ ਦੇ ਮੀਤ ਮੈਨੇਜਰ ਰਾਜਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਇਹ ਮੁਲਾਜ਼ਮ ਗੁਰਦੁਆਰਾ ਪਿੱਪਲੀ ਸਾਹਿਬ ਵਿਖੇ ਸੇਵਾਦਾਰ ਵਜੋਂ ਤਾਇਨਾਤ ਹੈ।

Leave a Reply

Your email address will not be published. Required fields are marked *