India

ਕੰਗਨਾ ਰਨੌਤ ਵੱਲੋਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਬਾਰੇ ਗਲਤ ਟਵੀਟ ਕਰਨ ‘ਤੇ FIR ਦਰਜ ਕਰਨ ਦੇ ਨਿਰਦੇਸ਼

‘ਦ ਖ਼ਾਲਸ ਬਿਊਰੋ :- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਖਿਲਾਫ਼ ਕਰਨਾਟਕ ਦੀ ਇੱਕ ਨਿਆਂਇਕ ਮਜਿਸਟਰੇਟ ਕੋਰਟ ਨੇ FIR ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਖ਼ਬਰ ਏਜੰਸੀ PTI ਮੁਤਾਬਕ ਤੁਮਕੁਰੂ ਦੀ ਇੱਕ ਨਿਆਇਕ ਮਜਿਸਟਰੇਟ ਅਦਾਲਤ ਨੇ ਕੰਗਨਾ ਰਣਾਉਤ ਨੂੰ ਖੇਤੀ ਬਿੱਲਾਂ ਖਿਲਾਫ਼ ਧਰਨਾ ਕਰ ਰਹੇ ਕਿਸਾਨਾਂ ਵਿਰੁੱਧ ਇੱਕ ਟਵੀਟ ਕਰਨ ਕਾਰਨ FIR ਦਰਜ ਕਰਨ ਲਈ ਪੁਲਿਸ ਨੂੰ ਹੁਕਮ ਦਿੱਤੇ ਹਨ।

ਕੰਗਨਾ ਨੇ ਖੇਤੀ ਕਾਨੂੰਨਾਂ ਖਿਲਾਫ਼ ਹੋ ਰਹੇ ਪ੍ਰਦਰਸ਼ਨਾਂ ਸਬੰਧੀ 21 ਸਤੰਬਰ ਨੂੰ ਇੱਕ ਟਵੀਟ ਕੀਤਾ ਗਿਆ ਸੀ। ਇਸ ਟਵੀਟ ਵਿੱਚ ਲਿਖਿਆ ਸੀ, “CAA ਬਾਰੇ ਗਲਤ ਜਾਣਕਾਰੀ ਤੇ ਅਫ਼ਵਾਹ ਫੈਲਾਉਣ ਵਾਲੇ ਲੋਕ ਉਹੀ ਹਨ ਜਿਨ੍ਹਾਂ ਕਾਰਨ ਦੰਗੇ ਹੋਏ, ਉਹੀ ਲੋਕ ਹੁਣ ਕਿਸਾਨ ਬਿੱਲ ਬਾਰੇ ਗਲਤ ਜਾਣਕਾਰੀ ਫੈਲਾ ਰਹੇ ਹਨ, ਅਤੇ ਦੇਸ ਵਿੱਚ ਦਹਿਸ਼ਤ ਪੈਦਾ ਕਰ ਰਹੇ ਹਨ, ਉਹ ਅੱਤਵਾਦੀ ਹਨ।”

ਵਕੀਲ ਦੀ ਸ਼ਿਕਾਇਤ ’ਤੇ ਕਾਰਵਾਈ ਹੋਈ

ਵਕੀਲ ਐੱਲ ਰਮੇਸ਼ ਨਾਇਕ ਦੀ ਸ਼ਿਕਾਇਤ ਦੇ ਅਧਾਰ ‘ਤੇ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ (ਜੇਐਮਐੱਫ਼ਸੀ) ਦੀ ਅਦਾਲਤ ਨੇ ਕਿਆਥਾਸੰਦਰਾ ਥਾਣੇ ਦੇ ਇੰਸਪੈਕਟਰ ਨੂੰ ਕੰਗਨਾ ਰਣੌਤ ਦੇ ਖ਼ਿਲਾਫ਼ FIR ਦਰਜ ਕਰਨ ਦਾ ਨਿਰਦੇਸ਼ ਦਿੱਤੇ ਹੈ।

ਅਦਾਲਤ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਜਾਂਚ ਲਈ CRPC ਦੀ ਧਾਰਾ 156 (3) ਦੇ ਤਹਿਤ ਅਰਜ਼ੀ ਦਾਇਰ ਕੀਤੀ ਸੀ। “ਦਫ਼ਤਰ ਨੂੰ ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਉਹ FIR ਦਰਜ ਕਰਨ ਲਈ ਸ਼ਿਕਾਇਤ ਦੀ ਫੋਟੋ ਕਾਪੀ ਦੇ ਨਾਲ ਥਾਣੇ ਦੇ ਸਰਕਲ ਪੁਲਿਸ ਇੰਸਪੈਕਟਰ ਨੂੰ ਸੂਚਨਾ ਜਾਰੀ ਕਰਨ।”