‘ਦ ਖ਼ਾਲਸ ਬਿਊਰੋ ( ਫਾਜ਼ਿਲਕਾ ) :- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮਹਾਤਮਾ ਗਾਂਧੀ ਤੇ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਦੇ ਜਨਮ ਦਿਹਾੜੇ ਮੌਕੇ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ 5 ਖੇਡ ਮੈਦਾਨ ਦਾ ਡਿਜੀਟਿਲ ਤਰੀਕੇ ਨਾਲ ਨੀਂਹ ਪੱਥਰ ਰੱਖਿਆ। ਜ਼ਿਕਰਯੋਗ ਹੈ ਕਿ ਇਸ ਆਨਲਾਈਨ ਸਮਾਗਮ ਦੌਰਾਨ ਉਨਾਂ ਨੇ ਪੂਰੇ ਸੂਬੇ ਵਿੱਚ 150 ਖੇਡ ਮੈਦਾਨ ਦਾ ਡਿਜੀਟਿਲ ਨੀਂਹ ਪੱਥਰ ਰੱਖਿਆ ਹੈ।

ਇਸ ਮੌਕੇ ਆਨਲਾਈਨ ਸਬੰਧਤ ਪਿੰਡਾਂ ਦੇ ਲੋਕਾਂ ਨਾਲ ਸੰਵਾਦ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਦਾ ਉਦੇਸ਼ ਸਾਡੇ ਨੌਜਵਾਨਾਂ ਦੀ ਊਰਜਾ ਨੂੰ ਖੇਡਾਂ ਨਾਲ ਜੋੜਨਾ ਹੈ ਤਾਂ ਜੋ ਸਾਡੇ ਨੌਜਵਾਨ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਬਚ ਸਕਨ। ਉਨਾਂ ਨੇ ਕਿਹਾ ਕਿ ਸਰਕਾਰ ਨੇ ਰਾਜ ਵਿਚੋਂ ਨਸ਼ਿਆਂ ਦਾ ਲੱਕ ਤੋੜ ਦਿੱਤਾ ਹੈ ਅਤੇ ਹੁਣ ਨੌਜਵਾਨਾਂ ਨੂੰ ਸਾਰਥਕ ਗਤੀਵਿਧੀਆਂ ਨਾਲ ਜੋੜਨ ਲਈ ਸੂਬਾ ਸਰਕਾਰ ਵੱਲੋਂ ਇਸ ਸਾਲ ਰਾਜ ਦੇ 750 ਪਿੰਡਾਂ ਵਿਚ 105 ਕਰੋੜ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ। ਉਨਾਂ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਤੇ ਪੰਜਾਬ ਸਰਕਾਰ ਵਿਸੇਸ਼ ਜੋਰ ਦੇ ਰਹੀ ਹੈ।

ਇਸ ਮੌਕੇ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਕਾਲੇ ਖੇਤੀ ਕਾਨੂੰਨਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਇੰਨਾਂ ਕਾਨੂੰਨਾਂ ਦੇ ਮਾੜੇ ਪ੍ਰਭਾਵਾਂ ਤੋਂ ਰਾਜ ਦੇ ਕਿਸਾਨਾਂ ਦੀ ਰਾਖੀ ਲਈ ਹਰ ਕਾਨੂੰਨੀ ਤਰੀਕਾ ਅਪਨਾਏਗੀ।

ਸੂਬਾ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਵੇਲੇ ਸਾਨੂੰ ਪਿੰਡਾਂ ਦੀ ਵਿਰਾਸਤ ਸੰਭਾਲਣ ਦੀ ਜਰੂਰਤ ਹੈ। ਉਨਾਂ ਨੇ ਸੱਦਾ ਦਿੱਤਾ ਕਿ ਆਓ ਸਾਰੇ ਮਿਲ ਕੇ ਪੰਜਾਬ ਨੂੰ ਖੇਡਦਾ ਪੰਜਾਬ ਬਣਾਈਏ।
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਇਹ ਸਟੇਡੀਅਮ ਮਗਨਰੇਗਾ ਸਕੀਮ ਤਹਿਤ ਤਿਆਰ ਕੀਤੇ ਜਾ ਰਹੇ ਹਨ ਅਤੇ ਇੰਨਾਂ ਵਿਚ ਲੋੜੀਂਦਾ ਖੇਡਾਂ ਦਾ ਸਮਾਨ ਵੀ ਸੂਬਾ ਸਰਕਾਰ ਵੱਲੋਂ ਮੁਹਈਆ ਕਰਵਾਇਆ ਜਾਵੇਗਾ। ਉਨਾਂ ਨੇ ਕਿਹਾ ਕਿ ਉਪਲਬੱਧ ਸਥਾਨ ਦੇ ਅਧਾਰ ਤੇ 1 ਏਕੜ, 2 ਏਕੜ ਅਤੇ 4 ਏਕੜ ਵਿਚ ਇਹ ਸਟੇਡੀਅਮ ਬਣਾਏ ਜਾ ਰਹੇ ਹਨ । ਇੰਨਾਂ ਵਿਚ ਸੋਲਰ ਲਾਈਟਾਂ ਤੋਂ ਇਲਾਵਾ ਵੱਖ ਵੱਖ ਖੇਡਾਂ ਦੇ ਮੈਦਾਨ ਅਤੇ ਓਪਨ ਜਿੰਮ ਵੀ ਲਗਾਏ ਜਾਣਗੇ।
ਇਸ ਤੋਂ ਪਹਿਲਾਂ ਮੁੱਖ ਸਕੱਤਰ ਪੰਜਾਬ ਸ੍ਰੀਮਤੀ ਵਿਨੀ ਮਹਾਜਨ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ ਅਤੇ ਦੱਸਿਆ ਕਿ ਸੂਬਾ ਸਰਕਾਰ ਪੇਂਡੂ ਵਿਕਾਸ ਲਈ ਪ੍ਰਤੀਬੱਧ ਹੈ।

ਇਸ ਮੌਕੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਜ਼ਿਲਾ ਸਦਰ ਮੁਕਾਮ ਤੋਂ ਇਸ ਸਮਾਗਮ ਵਿਚ ਸ਼ਿਰਕਤ ਕਰਦਿਆਂ ਦੱਸਿਆ ਕਿ ਫਾਜਿਲਕਾ ਜ਼ਿਲੇ ਦੇ ਪੰਜ ਬਲਾਕਾਂ ਵਿਚ ਪੰਜ ਖੇਡ ਮੈਦਾਨ ਦਾ ਨੀਂਹ ਪੱਥਰ ਅੱਜ ਰੱਖਿਆ ਗਿਆ ਹੈ। ਅਬੋਹਰ ਬਲਾਕ ਦੇ ਪਿੰਡ ਵਰਿਆਮ ਖੇੜਾ ਵਿਚ 20 ਲੱਖ ਰੁਪਏ, ਅਰਨੀਵਾਲਾ ਸੇਖਸੁਭਾਨ ਬਲਾਕ ਦੇ ਪਿੰਡ ਕੰਧਵਾਲਾ ਹਾਜਰ ਖਾਂ ਵਿਚ 9.44 ਲੱਖ, ਫਾਜ਼ਿਲਕਾ ਬਲਾਕ ਦੇ ਪਿੰਡ ਕੌੜਿਆਂ ਵਾਲੀ ਵਿਚ 26 ਲੱਖ, ਜਲਾਲਾਬਾਦ ਦੇ ਪਿੰਡ ਲੱਧੂ ਵਾਲਾ ਊਤਾੜ ਵਿਚ 26 ਲੱਖ ਅਤੇ ਖੂਈਆਂ ਸਰਵਰ ਰਲਾਕ ਦੇ ਪਿੰਡ ਖੂਈਆਂ ਸਰਵਰ ਵਿਚ 29.57 ਲੱਖ ਰੁਪਏ ਨਾਲ ਖੇਡ ਮੈਦਾਨ ਤਿਆਰ ਕੀਤੇੇ ਜਾਣਗੇ। ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ: ਨਵਲ ਰਾਮ ਨੇ ਦੱਸਿਆ ਕਿ ਇੰਨਾਂ ਖੇਡ ਮੈਦਾਨਾਂ ਦਾ ਨਿਰਮਾਣ 6 ਮਹੀਨੇ ਵਿਚ ਮੁਕੰਮਲ ਕਰ ਲਿਆ  ਜਾਵੇਗਾ।

ਇਸ ਮੌਕੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਹੰਸ ਰਾਜ ਜੋਸਨ, ਜ਼ਿਲਾ ਪ੍ਰੀਸ਼ਦ ਚੇਅਰਮੈਨ ਸ੍ਰੀਮਤੀ ਮਮਤਾ ਕੰਬੋਜ, ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ, ਕਾਰਜ ਸਾਧਕ ਅਫ਼ਸਰ ਸ੍ਰੀ ਰਜਨੀਸ ਕੁਮਾਰ ਵੀ ਹਾਜਰ ਸਨ।

 

Leave a Reply

Your email address will not be published. Required fields are marked *