India International Punjab

ਕੀ ਔਰਤਾਂ ਨੂੰ ਪਤਾ ਹੈ, ਅੱਜ ਦਾ ਦਿਨ ਉਨਾਂ ਦੇ ਨਾਮ ਕਿਉਂ ਹੈ ? ਔਰਤ ਦਿਹਾੜੇ ‘ਤੇ ਖਾਸ !!

ਚੰਡੀਗੜ੍ਹ (ਹਿਨਾ)- ਹਰ ਸਾਲ 8 ਮਾਰਚ ਨੂੰ ਦੁਨੀਆ ਭਰ ‘ਚ ਔਰਤ ਦਿਵਸ ਮਨਾਇਆ ਜਾਂਦਾ ਹੈ ਪਰ ਇਹ ਕਿਉਂ ਕਿਉਂ ਮਨਾਇਆ ਜਾਂਦਾ ਹੈ ਇਹ ਜਾਨਣਾ ਵੀ ਬਹੁਤ ਲਾਜ਼ਮੀ ਹੈ। ਇਸ ਦਿਵਸ ਨੂੰ ਮਨਾਉਣ ਦੀ ਸਭ ਤੋਂ ਵੱਡੀ ਵਜ੍ਹਾ ਮਹਿਲਾ ਸ਼ਕਤੀ ਨੂੰ ਦਰਸਾਉਣਾ ਹੈ ਤੇ ਨਾਲ ਹੀ ਲੋਕਾਂ ਨੂੰ ਜਾਗਰੂਕ ਕਰਨਾ ਵੀ ਹੈ।

ਇਸ ਦਿਨ ਦੀ ਸ਼ੁਰੂਆਤ 8 ਮਾਰਚ 1857 ਤੋਂ ਹੋਈ ਸੀ, ਜਦੋਂ ਅਮਰੀਕਾ ਦੇ ਇੱਕ ਸੂਤੀ ਕੱਪੜਾ ਉਦਯੋਗ ‘ਚ ਕੰਮ ਕਰਨ ਵਾਲੀਆਂ ਹਜ਼ਾਰਾਂ ਮਜਦੂਰ ਔਰਤਾਂ ਨੇ ਇੱਕ ਦਿਨ ਵਿੱਚ ਕੰਮ ਕਰਨ ਦੇ 16 ਘੰਟਿਆਂ ਨੂੰ ਘਟਾ ਕੇ 10 ਘੰਟੇ ਕਰਨ ਲਈ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਇਹ ਆਧੁਨਿਕ ਇਤਿਹਾਸ ਦੀ ਪਹਿਲੀ ਘਟਨਾ ਸੀ ਜਦੋਂ ਇੰਨੀ ਵੱਡੀ ਗਿਣਤੀ ‘ਚ ਔਰਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ‘ਤੇ ਉਤਰੀਆਂ। ਔਰਤਾਂ ਵੱਲੋਂ ਇਸ ਪਹਿਲੇ ਕੀਤੇ ਪ੍ਰਦਰਸ਼ਨ ਦੀ ਯਾਦ ‘ਚ 1910 ‘ਚ 8 ਮਾਰਚ ਨੂੰ ਅੰਤਰਾਸ਼ਟਰੀ ਮਹਿਲਾ ਦਿਵਸ ਮਨਾਉਣਾ ਨਿਯਤ ਕੀਤਾ ਗਿਆ।

 

 

ਪੂਰੇ ਸੰਸਾਰ ‘ਚ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਘੱਟ ਮੰਨੀ ਜਾਂਦੀ ਹੈ। ਉਂਝ ਭਾਵੇਂ ਸਾਡੇ ਦੇਸ਼ ਭਾਰਤ ‘ਚ  ਵੀ ਔਰਤਾਂ ਨੂੰ ਦੇਵੀ ਦੇ ਰੂਪ ‘ਚ ਮੰਨਿਆ ਜਾਂਦਾ ਹੈ, ਪਰ ਪੁਰਾਤਨ ਸਮੇਂ ‘ਚ ਔਰਤਾਂ ਦਾ ਸਮਾਜਿਕ ਪੱਧਰ ਬਹੁਤ ਮਾੜਾ ਹੁੰਦਾ ਸੀ ਉਨ੍ਹਾਂ ਨੂੰ ਘਰ ਦੇ ਕੰਮ-ਕਾਰ ਲਈ ਵਰਤਿਆ ਜਾਣਾ, ਪੜ੍ਹਾਈ ਨਾ ਕਰਨ ਦੇਣਾ, ਘਰੋਂ ਬਾਹਰ ਨਾ ਨਿਕਲਣ ਦੇਣਾ, ਸਿਰਫ ਸੈਕਸ ਸਾਧਨ ਸਮਝਣਾ, ਬੱਚੇ ਪੈਦਾ ਕਰਨ ਵਾਲੀ ਮਸ਼ੀਨ ਵਜੋਂ ਵਰਤਣਾ ਅਤੇ ਪੈਰ ਦੀ ਜੁੱਤੀ ਆਦਿ ਸਮਝਿਆ ਜਾਂਦਾ ਸੀ। ਅੱਜ ਸਮਾਂ ਭਾਵੇਂ ਕਾਫੀ ਹੱਦ ਤੱਕ ਬਦਲ ਚੁੱਕਾ ਹੈ, ਔਰਤਾਂ ਹਰ ਖੇਤਰ ਵਿੱਚ ਆਪਣੀ ਪਛਾਣ ਬਣਾ ਰਹੀਆਂ ਹਨ, ਪਰ ਜ਼ਿਆਦਾਤਰ ਲੋਕਾਂ ਦੀ ਮਾਨਸਿਕਤਾ ਔਰਤ-ਮਰਦ ਦੇ ਭੇਦ-ਭਾਵ ‘ਚ ਹੀ ਜਿਉਂ ਰਹੀ ਹੈ। ਇਸੇ ਕਰਕੇ ਅੱਜ ਵੀ ਔਰਤਾਂ ਨੂੰ ਆਪਣੇ ਹੱਕਾਂ ਖਾਤਰ ਸੜਕਾਂ ਤੇ ਉਤਰਨਾ ਪੈ ਰਿਹਾ ਹੈ।

ਵਿਸ਼ਵ ਦੀਆਂ ਸਾਰੀਆਂ ਔਰਤਾਂ ਨੂੰ ‘ਦ ਖ਼ਾਲਸ ਟੀ.ਵੀ ਵੱਲੋਂ ਸਲਾਮ ਅਤੇ ਮਹਿਲਾ ਦਿਵਸ ਦੀਆਂ ਮੁਬਾਰਕਾਂ।