India Punjab

‘ਕਿਸੇ ਹੋਰ ਲਈ ਨਾ ਸਹੀ, ਆਪਣੇ ਪਰਿਵਾਰ ਖ਼ਾਤਰ ਕਰੋ ਜੈਵਿਕ ਖੇਤੀ’- ਜਥੇਦਾਰ

‘ਦ ਖ਼ਾਲਸ ਬਿਊਰੋ :- ਸ਼੍ਰੀ ਅਕਾਲ ਤਖ਼ਤ ਵੱਲੋਂ ਜਲਦੀ ਪੰਜਾਬ ਦੇ ਕਿਸਾਨਾਂ ਨੂੰ ਜ਼ਹਿਰ ਮੁਕਤ ਖੇਤੀ ਕਰਨ ਲਈ ਪ੍ਰੇਰਿਆ ਜਾਵੇਗਾ। ਇਹ ਖੁਲਾਸਾ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ। ਉਹ ਇੱਥੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੋ ਦਿਨ ਚੱਲੀ ਗੁਰਬਾਣੀ ਦੀ ਕਥਾ ਲਈ ਆਏ ਸਨ। ਮੀਡੀਆ ਨਾਲ ਗੱਲਬਾਤ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਆਖਿਆ ਕਿ ਪੰਜਾਬ ਦੇ ਕਿਸਾਨਾਂ ਨੂ ਜੈਵਿਕ ਖੇਤੀ ਵੱਲ ਪਰਤਣਾ ਚਾਹੀਦਾ ਹੈ। ਇਸ ਵੇਲੇ ਜ਼ਹਿਰ ਮੁਕਤ ਖੇਤੀ ਨੂੰ ਮੁੜ ਸ਼ੁਰੂ ਕਰਨ ਦੀ ਲੋੜ ਹੈ। ਵਧੇਰੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਾਰਨ ਖੇਤੀ ਜ਼ਹਿਰ ਵਾਲੀ ਬਣ ਚੁੱਕੀ ਹੈ, ਜਿਸ ਵਿੱਚ ਵੱਡੇ ਸੁਧਾਰ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਸ਼੍ਰੀ ਅਕਾਲ ਤਖ਼ਤ ਵੱਲੋਂ ਵੀ ਪੰਜਾਬ ਦੇ ਕਿਸਾਨਾਂ ਨੂੰ ਜ਼ਹਿਰ ਮੁਕਤ ਖੇਤੀ ਕਰਨ ਲਈ ਪ੍ਰਰਿਆ ਜਾਵੇਗਾ। ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਆਖਿਆ ਕਿ ਉਹ ਘੱਟੋ-ਘੱਟ ਆਪਣੇ ਪਰਿਵਾਰਾਂ ਵਾਸਤੇ ਜੈਵਿਕ ਖੇਤੀ ਦੀ ਸ਼ੁਰੂਆਤ ਕਰਨ। ਕੋਰੋਨਾਵਾਇਰਸ ਬਾਰੇ ਉਨ੍ਹਾਂ ਕਿਹਾ ਕਿ ਤਾਲਾਬੰਦੀ ਇਸ ਦਾ ਸਦੀਵੀ ਹੱਲ ਨਹੀਂ ਹੈ, ਸਗੋਂ ਇਸ ਲਈ ਮਨੁੱਖ ਨੂੰ ਆਪਣੇ ਜੀਵਨ ਜਿਊਣ ਦੇ ਢੰਗ ਤਰੀਕੇ ਨੂੰ ਬਦਲਣਾ ਪਵੇਗਾ।

ਉਨ੍ਹਾਂ ਨੇ ਸੰਗਤ ਨੂੰ ਆਖਿਆ ਕਿ ਉਹ ਆਪਣੇ ਮਨਾਂ ਵਿੱਚੋਂ ਇਸ ਬਿਮਾਰੀ ਦੇ ਭੈਅ ਨੂੰ ਕੱਢਣ ਅਤੇ ਦੇਸੀ ਖਾਣ-ਪਾਣ ਨੂੰ ਮੂੜ ਸੁਰਜੀਤ ਕਰਨ। ਕਰਫਿਊ ਦੌਰਾਨ ਲੋਕਾਂ ਨੂੰ ਸਰਕਾਰੀ ਸਹਾਇਤਾ ਨਾ ਮਿਲਣ ਦੀਆਂ ਸ਼ਿਕਾਇਤਾਂ ਬਾਰੇ ਉਨ੍ਹਾਂ ਆਖਿਆ ਕਿ ਖਾਸ ਕਰਕੇ ਕੇਂਦਰ ਸਰਕਾਰ ਨੂੰ ਸੂਬਾ ਸਰਕਾਰਾਂ ਵਾਸਤੇ ਵਧੇਰੇ ਫੰਡ ਜਾਰੀ ਕਰਨੇ ਚਾਹੀਦੇ ਹਨ ਅਤੇ ਸੂਬਾ ਸਰਕਾਰਾਂ ਇਨ੍ਹਾਂ ਫੰਡਾਂ ਨੂੰ ਲੋੜਵੰਦਾਂ ਤੱਕ ਸਹਾਇਤਾ ਦੇ ਰੂਪ ਵਿੱਚ ਪੁੱਜਦਾ ਕਰਨ। ਸਰਕਾਰੀ ਸਹਾਇਤਾ ਵੰਡਣ ਸਮੇਂ ਹੋ ਰਹੀ ਸਿਆਸਤ ਦੀ ਨਿੰਦਾ ਕਰਦਿਆਂ ਉਨ੍ਹਾਂ ਆਖਿਆ ਕਿ ਸਰਕਾਰੀ ਸਹਾਇਤਾ ਬਿਨਾਂ ਕਿਸੇ ਵਿਤਕਰੇ ਦੇ ਵੰਡੀ ਜਾਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਇਹ ਲੋੜਵੰਦਾਂ ਨੂੰ ਮਿਲਣੀ ਚਾਹੀਦੀ ਹੈ ਤੇ ਇਸ ਵਿੱਚ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ। ਭਾਈ ਨਿਰਮਲ ਸਿੰਘ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਇਲਾਜ ਸਮੇਂ ਲਾਪ੍ਰਵਾਹੀ ਵਰਤਣ ਦੇ ਲਾਏ ਗਏ ਦੋਸ਼ਾਂ ਸਬੰਧੀ ਉਨ੍ਹਾਂ ਆਖਿਆ ਕਿ ਪਰਿਵਾਰ ਦੇ ਸ਼ੰਕਿਆਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ। ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਵਿਖੇ ਗੁਬੰਦ ਡਿੱਗਣ ਦੇ ਮਾਮਲੇ ਬਾਰੇ ਉਨ੍ਹਾਂ ਆਖਿਆ ਕਿ ਇਹ ਕੋਈ ਵੱਡਾ ਮਾਮਲਾ ਨਹੀਂ ਹੈ, ਉੱਥੇ ਦੇ ਪ੍ਰਸ਼ਾਸਨ ਵੱਲੋਂ ਗੁਬੰਦ ਮੁੜ ਸਥਾਪਤ ਕਰ ਦਿੱਤੇ ਗਏ ਹਨ।