Punjab

ਕਰਤਾਰਪੁਰ ਸਾਹਿਬ ਬਾਰੇ ਬੋਲਣ ਤੋਂ ਬਾਅਦ ਬੌਖ਼ਲਾਏ ਡੀਜੀਪੀ ਬਦਲ ਰਹੇ ਹਨ ਬਿਆਨ

ਚੰਡੀਗੜ੍ਹ- ਸ਼੍ਰੀ ਕਰਤਾਰਪੁਰ ਲਾਂਘੇ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਕੀਤੀ ਬਿਆਨਬਾਜ਼ੀ ਦੀ ਚੁਫੇਰਿਓਂ ਹੋਈ ਨਿਖੇਧੀ ਅਤੇ ਸਿੱਖ ਸੰਗਤ ਵਿੱਚ ਪੈਦਾ ਹੋਏ ਗੁੱਸੇ ਦੇ ਮੱਦੇਨਜ਼ਰ ਅਤੇ ਸਿਆਸੀ ਪਾਰਟੀਆਂ ਦੇ ਨਿਸ਼ਾਨੇ ’ਤੇ ਆਏ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਟਵੀਟ ਕਰਕੇ ਆਪਣੇ ਵੱਲੋਂ ਕੀਤੀ ਬਿਆਨਬਾਜ਼ੀ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।  ਡੀਜੀਪੀ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਕਿਸੇ ਟਿੱਪਣੀ ਨਾਲ ਪੰਜਾਬ ਦੇ ਲੋਕਾਂ ਨੂੰ ਸੱਟ ਵੱਜੀ ਹੋਵੇ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਬੇਹੱਦ ਦੁੱਖ ਹੈ।

ਉਨ੍ਹਾਂ ਕਿਹਾ, ‘ਮੇਰਾ ਕਿਸੇ ਨੂੰ ਦੁੱਖ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ। ਮੈਂ ਤਾਂ ਹਰ ਨਾਗਰਿਕ ਦੀ ਖੁ਼ਸ਼ਹਾਲੀ ਲਈ ਸੁਰੱਖਿਅਤ ਤੇ ਸ਼ਾਂਤੀਪੂਰਵਕ ਮਾਹੌਲ ਬਣਾਉਣਾ ਚਾਹੁੰਦਾ ਸੀ।’ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ  ਪਿਛਲੇ ਸਾਲ ਫਰਵਰੀ ਵਿੱਚ ਡੀਜੀਪੀ ਵਜੋਂ ਅਹੁਦਾ ਸੰਭਾਲਣ ਮੌਕੇ ਦਰਬਾਰ ਸਾਹਿਬ ਵਿੱਚ ‘ਅਰਦਾਸ’ ਕਰਵਾਈ ਸੀ, ਜੋ ਉਨ੍ਹਾਂ ਦੀ ਸਿੱਖ ਧਰਮ ਵਿੱਚ ਅਥਾਹ ਸ਼ਰਧਾ ਦਾ ਸਬੂਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਆਪਣੀ 32 ਸਾਲਾਂ ਦੀ ਸੇਵਾ ਦੌਰਾਨ ਆਪਣੇ ਗ੍ਰਹਿ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਅਣਥੱਕ ਅਤੇ ਇਮਾਨਦਾਰੀ ਨਾਲ ਕੰਮ ਕੀਤਾ ਹੈ।