International

ਹੁਣ ਚੀਨ ਨੇ ਲਿਆ ਆਸਟਰੇਲੀਆ ਨਾਲ ਪੰਗਾ! ਆਸਟਰੇਲੀਆ ਨੇ ਚੀਨ ਦੇ ਸੈਨਿਕ ਟਿਕਾਣਿਆਂ ‘ਤੇ ਜਤਾਇਆ ਇਤਰਾਜ਼

‘ਦ ਖ਼ਾਲਸ ਬਿਊਰੋ- ਆਸਟਰੇਲੀਆ ਨੇ ਦੱਖਣੀ ਚੀਨ ਸਾਗਰ ‘ਤੇ ਚੀਨ ਦੇ ਅਧਿਕਾਰ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ। ਚੀਨ ਨੇ ਅਜੇ ਤੱਕ ਇਸ ‘ਤੇ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ ਹੈ। ਆਸਟਰੇਲੀਆ ਦਾ ਇਹ ਕਦਮ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਨੇ ਹਾਲ ਹੀ ਵਿੱਚ ਇਸ ਖੇਤਰ ਵਿੱਚ ਚੀਨ ਦੇ ਕੁੱਝ ਕਦਮਾਂ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ।

ਹਾਲ ਹੀ ਦੇ ਸਾਲਾਂ ਵਿੱਚ, ਚੀਨ ਨੇ ਦੱਖਣੀ ਚੀਨ ਸਾਗਰ ਵਿੱਚ ਨਕਲੀ ਤੌਰ ਤੇ ਬਣੇ ਟਾਪੂਆਂ ਉੱਤੇ ਸੈਨਿਕ ਠਿਕਾਣੇ ਸਥਾਪਿਤ ਕੀਤੇ ਹਨ। ਚੀਨ ਦਾ ਤਰਕ ਹੈ ਕਿ ਉਸਦਾ ਇਨ੍ਹਾਂ ਖੇਤਰਾਂ ਉੱਤੇ ਸਦੀਆਂ ਪੁਰਾਣਾ ਅਧਿਕਾਰ ਹੈ।

ਬ੍ਰੂਨੇਈ, ਮਲੇਸ਼ੀਆ, ਫਿਲਪੀਨਜ਼, ਤਾਈਵਾਨ ਅਤੇ ਵੀਅਤਨਾਮ ਵਰਗੇ ਦੇਸ਼ ਚੀਨ ਦੇ ਇਨ੍ਹਾਂ ਦਾਅਵਿਆਂ ‘ਤੇ ਇਤਰਾਜ਼ ਕਰਦੇ ਹਨ। ਇਨ੍ਹਾਂ ਦੇਸ਼ਾਂ ਵਿੱਚ ਇਸ ਖੇਤਰ ਨੂੰ ਲੈ ਕੇ ਕਈ ਦਹਾਕਿਆਂ ਤੋਂ ਵਿਵਾਦ ਚੱਲ ਰਿਹਾ ਹੈ, ਪਰ ਹਾਲ ਹੀ ਦੇ ਕਈ ਸਾਲਾਂ ਵਿੱਚ ਇਸ ਵਿਵਾਦ ਨੂੰ ਲੈ ਕੇ ਤਣਾਅ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਵਿਵਾਦ ਦੌਰਾਨ ਸਮੁੰਦਰ ਵਿੱਚ ਕਈ ਝੜਪਾਂ ਵੀ ਹੋ ਚੁੱਕੀਆਂ ਹਨ।

ਚੀਨ ਨੇ “ਨੌਨ-ਡੈਸ਼ ਲਾਈਨ” ਵਜੋਂ ਜਾਣੇ ਜਾਂਦੇ ਵੱਡੇ ਖੇਤਰ ਉੱਤੇ ਆਪਣਾ ਦਾਅਵਾ ਜ਼ਾਹਿਰ ਕੀਤਾ ਹੈ। ਚੀਨ ਨੇ ਆਪਣੇ ਦਾਅਵਿਆਂ ਨੂੰ ਮਜ਼ਬੂਤ ਬਣਾਉਣ ਲਈ ਇੱਥੇ ਇੱਕ ਟਾਪੂ ਬਣਾਇਆ ਹੈ ਅਤੇ ਸਮੁੰਦਰ ਵਿੱਚ ਗਸ਼ਤ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।

ਚੀਨ ਨੇ ਇੱਥੇ ਇੱਕ ਵੱਡਾ ਸੈਨਿਕ ਬੁਨਿਆਦੀ ਢਾਂਚਾ ਤਿਆਰ ਕੀਤਾ ਹੈ। ਚੀਨ ਦਾਅਵਾ ਕਰਦਾ ਹੈ ਕਿ ਉਸਦਾ ਮਕਸਦ ਸ਼ਾਂਤਮਈ ਹੈ। ਇਹ ਸਮੁੰਦਰ ਇੱਕ ਮਹੱਤਵਪੂਰਨ ਸਮੁੰਦਰੀ ਜ਼ਹਾਜ਼ ਦਾ ਰਸਤਾ ਹੈ ਅਤੇ ਇੱਥੇ ਵੱਡੀ ਗਿਣਤੀ ਵਿੱਚ ਮੱਛੀਆਂ ਵੀ ਹਨ। 2016 ਵਿੱਚ ਇੱਕ ਅੰਤਰਰਾਸ਼ਟਰੀ ਟ੍ਰਿਬਿਊਨਲ ਨੇ ਚੀਨ ਵਿਰੁੱਧ ਫੈਸਲਾ ਕੀਤਾ ਸੀ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਚੀਨ ਦਾ ਇਤਿਹਾਸਕ ਤੌਰ ‘ਤੇ ਇਸ ਖੇਤਰ ‘ਤੇ ਕੋਈ ਅਧਿਕਾਰ ਸੀ ਪਰ ਚੀਨ ਨੇ ਇਸ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।

ਆਸਟਰੇਲੀਆ ਚੀਨ ਦੇ ਇਸ ਦਾਅਵੇ ਨੂੰ ਸਵੀਕਾਰ ਨਹੀਂ ਕਰਦਾ ਹੈ ਕਿ ਪੈਰਾਸੇਲਜ਼ ਅਤੇ ਸਪ੍ਰੈਟਲਿਸ ਉੱਤੇ ਉਸ ਦੀ ਪ੍ਰਭੂਸੱਤਾ ਦਾ ਦਾਅਵਾ ਅੰਤਰਰਾਸ਼ਟਰੀ ਭਾਈਚਾਰੇ ਦੁਆਰਾ ਵਿਆਪਕ ਤੌਰ ਤੇ ਮਾਨਤਾ ਪ੍ਰਾਪਤ ਹੈ। ਇਹ ਕਦਮ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਕਈ ਮੁੱਦਿਆਂ ਕਾਰਨ ਆਸਟਰੇਲੀਆ ਅਤੇ ਚੀਨ ਦੇ ਰਿਸ਼ਤੇ ਵਿੱਚ ਗਿਰਾਵਟ ਆਈ ਹੈ। ਇਨ੍ਹਾਂ ਮੁੱਦਿਆਂ ਵਿੱਚ ਆਸਟਰੇਲੀਆ ਵੱਲੋਂ ਕੋਵਿਡ -19 ਦੀਆਂ ਜੜ੍ਹਾਂ ਲੱਭਣ ਲਈ ਜਾਂਚ ਦੀ ਮੰਗ ਵੀ ਸ਼ਾਮਲ ਹੈ।