International

‘ਅਮਰੀਕਾ ਨੇ ਚੀਨ ਨੂੰ ਬਹੁਤ ਝੱਲ ਲਿਆ’, ਇਕੱਠੇ ਹੋ ਕੇ ਚੀਨ ਦਾ ਸਾਹਮਣਾ ਕਰਨ ਦੀ ਲੋੜ: ਵਿਦੇਸ਼ ਮੰਤਰੀ ਪੌਂਪੀਓ

‘ਦ ਖ਼ਾਲਸ ਬਿਊਰੋ- ਅਮਰੀਕਾ ਅਤੇ ਚੀਨ ਵਿੱਚ ਤਣਾਅ ਦੀ ਸਥਿਤੀ ਲਗਾਤਾਰ ਵੱਧਦੀ ਜਾ ਰਹੀ ਹੈ। ਵਿਸਥਾਰਵਾਦੀ ਨੀਤੀਆਂ ਅਤੇ ਕੋਵਿਡ-19 ਮਹਾਂਮਾਰੀ ਬਾਰੇ ਜਾਣਕਾਰੀ ਛੁਪਾਉਣ ਦੇ ਮਾਮਲਿਆਂ ’ਤੇ ਅਮਰੀਕਾ ਨੇ ਫਿਰ ਤੋਂ ਚੀਨ ਦੇ ਖ਼ਿਲਾਫ਼ ਤਿੱਖੇ ਹਮਲੇ ਕੀਤੇ ਹਨ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਚੀਨ ਦੀ ਤਾਨਾਸ਼ਾਹ ਸਰਕਾਰ ਵੱਲੋਂ ਪੈਦਾ ਕੀਤੀਆਂ ਜਾ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ‘ਲੋਕਤੰਤਰੀ ਮੁਲਕਾਂ ਦਾ ਗੱਠਜੋੜ’ ਬਣਾਉਣ ਦੀ ਗੱਲ ਕੀਤੀ ਹੈ। ਪੌਂਪੀਓ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸ਼ਬਦ ਦੁਹਰਾਉਂਦਿਆਂ ਕਿਹਾ ਕਿ ਅਮਰੀਕਾ ਨੇ ਚੀਨ ਨੂੰ ਬਹੁਤ ਝੱਲ ਲਿਆ ਹੈ।

ਉਨ੍ਹਾਂ ਨੇ ਚੀਨੀ ਕਮਿਊਨਿਸਟ ਪਾਰਟੀ ਨਾਲ ਸੰਬੰਧਾਂ ਦੇ ਮਾਮਲੇ ’ਤੇ ਅਮਰੀਕਾ ਦੇ ਨਵੇਂ ਕਾਨੂੰਨਾਂ ‘ਤੇ ਭਰੋਸੇਯੋਗਤਾ ਅਤੇ ਤਸਦੀਕ ਦਾ ਐਲਾਨ ਕਰਦਿਆਂ ਸਾਰੇ ਮੁਲਕਾਂ ਨੂੰ ਜਵਾਬੀ ਕਾਰਵਾਈ ਕਰਨ, ਪਾਰਦਰਸ਼ਤਾ ’ਤੇ ਜ਼ੋਰ ਦੇਣ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਹੈ। ਅਮਰੀਕੀ ਡਿਪਲੋਮੈਂਟ ਨੇ ਦਹਾਕਿਆਂ ਪੁਰਾਣੀ ਚੀਨ ਨੀਤੀ ਤੋਂ ਪਲਟਣ ਦਾ ਰਸਮੀਂ ਐਲਾਨ ਕੀਤਾ ਹੈ, ਜੋ ਕਿ ਹੁਣ ਵਧੇਰੇ ਹਮਲਾਵਰ ਹੋਵੇਗੀ ਅਤੇ ਪੂਰੀ ਦੁਨੀਆ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਦੀ ਅਗਵਾਈ ਵਾਲੀ ਤਾਨਾਸ਼ਾਹ ਸਰਕਾਰ ਖ਼ਿਲਾਫ਼ ਇਕਜੁੱਟ ਕਰੇਗੀ। ਉਨ੍ਹਾਂ ਕਿਹਾ ਕਿ ਅੱਜ ਚੀਨ ਆਪਣੇ ਮੁਲਕ ਵਿੱਚ ਵਧੇਰੇ ਤਾਨਾਸ਼ਾਹ ਨੀਤੀਆਂ ਲਿਆ ਰਿਹਾ ਹੈ ਅਤੇ ਬਾਕੀ ਹੋਰ ਥਾਂਵਾਂ ’ਤੇ ਆਜ਼ਾਦੀ ਦਬਾਉਣ ਲਈ ਵਧੇਰੇ ਹਮਲਾਵਾਰ ਰੁਖ਼ ਅਪਣਾ ਰਿਹਾ ਹੈ।

ਪੌਂਪੀਓ ਨੇ ਚੀਨ ਵੱਲੋਂ ਦਿੱਤੀਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਅਸਿੱਧੇ ਤੌਰ ‘ਤੇ ਯੂਐੱਨ, ਨਾਟੋ, ਜੀ7, ਜੀ20 ਦੀਆਂ ਆਰਥਿਕ, ਕੂਟਨੀਤਕ ਅਤੇ ਫੌਜੀ ਸ਼ਕਤੀਆਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਹੈ।