Human Rights India Punjab

ਸਾਰਾ ਦਿਨ ਲੋਕਾਂ ਦੀ ਸੇਵਾ ਕਰਨ ਵਾਲ਼ੀਆਂ ਨਰਸਾਂ ਤੇ ਪੁਲਿਸ ਨੂੰ ਪੰਜਾਬ ‘ਚ ਤਨਖਾਹਾਂ ਹੀ ਨਹੀਂ ਮਿਲੀਆਂ

‘ਦ ਖ਼ਾਲਸ ਬਿਊਰੋ :- ਅਕਾਲੀ ਦਲ ਵੱਲੋਂ ਪੁਲਿਸ ਅਤੇ ਸਿਹਤ ਕਰਮੀਆਂ ਦੀਆਂ ਤਨਖਾਹਾਂ ਜਾਰੀ ਨਾ ਕਰਨ ਲਈ ਸੂਬਾ ਸਰਕਾਰ ਦੀ ਨਿਖੇਧੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਦੇਣਾ ਇੱਕ ਅਪਰਾਧਿਕ ਲਾਪਰਵਾਹੀ ਦੇ ਤੁੱਲ ਹੈ। ਮੁੱਖ ਮੰਤਰੀ ਨੂੰ ਤੁਰੰਤ ਦਖ਼ਲ ਦੇਣ ਅਤੇ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਪੁਲਿਸ ਅਤੇ ਸਿਹਤ ਕਰਮੀਆਂ ਨੂੰ ਜਲਦੀ ਤੋਂ ਜਲਦੀ ਤਨਖਾਹਾਂ ਦੇ ਦਿੱਤੀਆਂ ਜਾਣ।

ਸ਼੍ਰੋਮਣੀ ਅਕਾਲੀ ਦਲ ਨੇ ਕੋਵਿਡ-19 ਖ਼ਿਲਾਫ ਸਭ ਤੋਂ ਅੱਗੇ ਹੋ ਕੇ ਲੜ ਰਹੇ ਪੁਲਿਸ ਅਤੇ ਸਿਹਤ ਕਰਮੀਆਂ ਦੀਆਂ ਮਾਰਚ ਮਹੀਨੇ ਦੀਆਂ ਤਨਖਾਹਾਂ ਜਾਰੀ ਨਾ ਕਰਕੇ ਉਹਨਾਂ ਪ੍ਰਤੀ ਲਾਪਰਵਾਹੀ ਵਿਖਾਉਣ ਲਈ ਅੱਜ ਸੂਬਾ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਪਾਰਟੀ ਨੇ ਕਿਹਾ ਹੈ ਕਿ ਇਸ ਜਾਨਲੇਵਾ ਕੋਰੋਨਾ ਵਾਇਰਸ ਤੋਂ ਸਮਾਜ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਖ਼ਤਰੇ ਵਿੱਚ ਪਾਉਣ ਵਾਲੇ ਮੁਲਾਜ਼ਮਾਂ ਨੁੰ ਤਨਖਾਹਾਂ ਨਾ ਦੇਣਾ ਇੱਕ-ਇੱਕ ਅਪਰਾਧਿਕ ਲਾਪਰਵਾਹੀ ਦੇ ਤੁੱਲ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਪੁਲਿਸ ਦੇ ਕਰਮਚਾਰੀਆਂ ਦੀ ਤਨਖਾਹ ਜਾਰੀ ਕਰਨ ਵਿਚ ਕੀਤੀ ਜਾ ਰਹੀ ਬੇਲੋੜੀ ਦੇਰੀ ਉੱਤੇ ਹੈਰਾਨੀ ਅਤੇ ਦੁੱਖ ਪ੍ਰਗਟ ਕੀਤਾ। ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਹਨਾਂ ਔਖੇ ਸਮਿਆਂ ਵਿੱਚ ਸਾਡੀ ਰਾਖੀ ਕਰਨ ਵਾਲਿਆਂ ਨੂੰ ਸਮੇਂ ਸਿਰ ਅਤੇ ਸਨਮਾਨਪੂਰਬਕ ਢੰਗ ਨਾਲ ਤਨਖਾਹਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਜਰਾ ਸੋਚੋ ਕਿ ਸੂਬੇ ਵਿੱਚ ਕਰਫਿਊ ਲੱਗਾ ਹੋਣ ਕਰਕੇ ਜਦੋਂ ਚਾਰੇ ਪਾਸੇ ਦਹਿਸ਼ਤ, ਅਨਿਸ਼ਚਿਤਤਾ ਅਤੇ ਆਰਥਿਕ ਅਸੁਰੱਖਿਆ ਦਾ ਮਾਹੌਲ ਹੈ ਤਾਂ ਅਜਿਹੇ ਸਮੇਂ ਵਿੱਚ 80 ਹਜ਼ਾਰ ਪੁਲਿਸ ਮੁਲਾਜ਼ਮ ਆਪਣੀ ਮਾਰਚ ਮਹੀਨੇ ਦੀ ਤਨਖ਼ਾਹ ਦੀ ਉਡੀਕ ਕਰ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਦਖ਼ਲ ਦੇਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਡੀ ਪੁਲਿਸ ਫੋਰਸ ਨੂੰ ਜਲਦੀ ਤੋਂ ਜਲਦੀ ਤਨਖਾਹਾਂ ਮਿਲ ਜਾਣ।

 

 

ਪੁਲਿਸ ਕਰਮੀਆਂ ਵੱਲੋਂ ਇਸ ਮਹਾਂਮਾਰੀ ਖ਼ਿਲਾਫ ਜੰਗੀ ਪੱਧਰ ਉੱਤੇ ਚੱਲ ਰਹੀ ਲੜਾਈ ਵਿੱਚ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਜਦੋਂ ਅਸੀਂ ਸਾਰੇ ਖੁਦ ਨੂੰ ਵਾਇਰਸ ਤੋਂ ਬਚਾਉਣ ਅਤੇ ਇਸ ਮਹਾਂਮਾਰੀ ਨੂੰ ਕੰਟਰੋਲ ਕਰਨ ਵਿੱਚ ਪ੍ਰਸਾਸ਼ਨ ਦੀ ਮੱਦਦ ਕਰਨ ਲਈ ਆਪਣੇ ਘਰਾਂ ਅੰਦਰ ਬੈਠੇ ਹਾਂ ਤਾਂ ਪੁਲਿਸ ਕੋਰੋਨਾਵਾਇਰਸ ਖ਼ਿਲਾਫ ਲੜਾਈ ਦੀ ਹਰ ਗਤੀਵਿਧੀ ਵਿੱਚ ਭਾਗ ਲੈ ਕੇ ਪਹਿਲੀ ਕਤਾਰ ਵਾਲੇ ਯੋਧਿਆਂ ਦੀ ਭੂਮਿਕਾ ਨਿਭਾ ਰਹੀ ਹੈ। ਉਹਨਾਂ ਕਿਹਾ ਕਿ ਉਹ ਸਾਨੂੰ ਘਰਾਂ ਦੇ ਅੰਦਰ ਰੱਖਦੇ ਹਨ, ਲੋੜਵੰਦਾਂ ਤਕ ਰਾਸ਼ਨ ਪਹੁੰਚਾਉਂਦੇ ਹਨ ਅਤੇ ਮੈਡੀਕਲ ਸਟਾਫ ਦੀ ਸ਼ੱਕੀ ਮਰੀਜ਼ਾਂ ਦੀ ਸ਼ਨਾਖਤ ਕਰਨ, ਉਹਨਾਂ ਨੂੰ ਵੱਖਰੇ ਕਰਨ ਅਤੇ ਆਈਸੋਲੇਸ਼ਨ ਵਾਰਡਾਂ ਵਿੱਚ ਭੇਜਣ ਵਿੱਚ ਮੱਦਦ ਕਰਦੇ ਹਨ। ਪਰ ਅਫ਼ਸੋਸ ਸਰਕਾਰ ਵੱਲੋਂ ਇਹਨਾਂ ਕਰਮੀਆਂ ਨੂੰ ਤਨਖਾਹਾਂ ਨਾ ਦੇਣਾ ਇੱਕ ਸ਼ਰਮ ਵਾਲੀ ਗੱਲ ਹੈ।

ਪਿਛਲੇ ਕਈ ਮਹੀਨਿਆਂ ਤੋਂ ਤਨਖਾਹਾਂ ਦੀ ਉਡੀਕ ਕਰ ਰਹੇ ਸਿਹਤ ਕਾਮਿਆਂ ਬਾਰੇ ਬੋਲਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਹਾਲ ਹੀ ਵਿੱਚ ਮੀਡੀਆ ‘ਚ ਛਪੀਆਂ ਰਿਪੋਰਟਾਂ ਅਨੁਸਾਰ ਪਟਿਆਲਾ, ਅੰਮ੍ਰਿਤਸਰ ਅਤੇ ਫਰੀਦਕੋਟ ਦੀਆਂ ਬਹੁਤ ਸਾਰੀਆਂ ਸਟਾਫ ਨਰਸਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਹਨ। ਤੇ ਜਦੋਂ ਪੂਰਾ ਦੇਸ਼ ਇੱਕ ਸਿਹਤ ਐਮਰਜੰਸੀ ਦੇ ਮੁਸ਼ਕਿਲ ਦੌਰ ਵਿਚੋਂ ਲੰਘ ਰਿਹਾ ਹੈ ਤਾਂ ਸੂਬਾ ਸਰਕਾਰ ਨੂੰ ਅਜਿਹੀ ਲਾਪਰਵਾਹੀ ਨਾਲ ਮੈਡੀਕਲ ਸਟਾਫ ਦਾ ਹੌਂਸਲਾ ਪਸਤ ਕਰਕੇ ਆਪਣੇ ਪਹਿਲਾਂ ਤੋਂ ਹੀ ਨਾਕਾਫ਼ੀ ਸਿਹਤ ਢਾਂਚੇ ਨੂੰ ਹੋਰ ਕਮਜ਼ੋਰ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹਨਾਂ 295 ਸਟਾਫ ਨਰਸਾਂ ਦੀਆਂ ਤਨਖਾਹਾਂ ਅਤੇ ਪਿਛਲੇ ਬਕਾਏ ਬਿਨਾਂ ਕਿਸੇ ਦੇਰੀ ਦੇ ਜਾਰੀ ਕਰ ਦਿੱਤੇ ਜਾਣ।