International

ਲਓ ਚੀਨ ਨੇ ਤਾਂ ਕਰ ਲਿਆ ਇੰਤਜ਼ਾਮ! ਨਾਗਰਿਕਾਂ ਨੂੰ ਮਾਸਕ ਨਾ ਪਾਉਣ ਦੀ ਦਿੱਤੀ ਖੁੱਲ੍ਹ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੀਨ ਦੇ ਸਿਹਤ ਅਧਿਕਾਰੀਆਂ ਨੇ ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਲੋਕਾਂ ਨੂੰ ਬਾਹਰ ਨਿਕਲਣ ਸਮੇਂ ਮਾਸਕ ਨੂੰ ਪਾਉਣ ਦੀ ਜ਼ਰੂਰਤ ਨੂੰ ਹਟਾ ਦਿੱਤਾ ਹੈ। ਚੀਨ ਦੇ ਸ਼ਹਿਰ ਵਿੱਚ 13 ਦਿਨਾਂ ਤੋਂ ਕੋਈ ਵੀ ਨਵਾਂ ਕੋਰੋਨਾ ਕੇਸ ਨਾ ਆਉਣ ‘ਤੇ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਨਿਯਮਾਂ ਵਿੱਚ ਢਿੱਲ ਦਿੱਤੀ ਗਈ ਹੈ।

ਹਾਲਾਂਕਿ, ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿੱਚ ਢਿੱਲ ਦੇਣ ਦੇ ਬਾਵਜੂਦ ਵੀ ਬੀਜਿੰਗ ਵਿੱਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਮਾਸਕ ਨੂੰ ਪਾ ਕੇ ਰੱਖਿਆ। ਲੋਕਾਂ ਦਾ ਕਹਿਣਾ ਹੈ ਕਿ ਮਾਸਕ ਪਾ ਕੇ ਰੱਖਣ ਨਾਲ ਉਨ੍ਹਾਂ ਨੂੰ ਕੋਰੋਨਾ ਤੋਂ ਸੁਰੱਖਿਅਤ ਮਹਿਸੂਸ ਹੁੰਦਾ ਹੈ।

ਬੀਜਿੰਗ ਦੀ ਇੱਕ 24 ਸਾਲਾ ਔਰਤ ਨੇ ਰਾਈਟਰਜ਼ ਨੂੰ ਕਿਹਾ ਕਿ, ‘ਮੈਨੂੰ ਲੱਗਦਾ ਹੈ ਕਿ ਮੈਂ ਕਿਸੇ ਵੀ ਸਮੇਂ ਮਾਸਕ ਉਤਾਰ ਸਕਦੀ ਹਾਂ, ਪਰ ਮੈਨੂੰ ਇਹ ਵੀ ਦੇਖਣਾ ਹੋਵੇਗਾ ਕਿ ਦੂਸਰੇ ਇਸਨੂੰ ਸਵੀਕਾਰ ਕਰਦੇ ਹਨ ਕਿ ਨਹੀਂ। ਮੈਨੂੰ ਡਰ ਲੱਗਦਾ ਹੈ ਕਿ ਮੇਰੇ ਮਾਸਕ ਨਾ ਪਹਿਨਣ ‘ਤੇ ਦੂਸਰੇ ਲੋਕ ਅਸੁਰੱਖਿਅਤ ਮਹਿਸੂਸ ਨਾ ਕਰਨ।’

ਬੀਜਿੰਗ ਦੇ ਸਿਹਤ ਅਧਿਕਾਰੀਆਂ ਨੇ ਦੂਸਰੀ ਵਾਰ ਸ਼ਹਿਰ ਵਿੱਚ ਮਾਸਕ ਪਹਿਨਣ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਢਿੱਲ ਦਿੱਤੀ ਹੈ। ਚੀਨ ਨੇ ਸ਼ਿਨਜਿਆਂਗ, ਰਾਜਧਾਨੀ ਬੀਜਿੰਗ ਤੇ ਹੋਰ ਸ਼ਹਿਰਾਂ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਕੋਈ ਵੀ ਨਵਾਂ ਕੋਰੋਨਾ ਕੇਸ ਨਾ ਆਉਣ ਕਰਕੇ ਦਿਸ਼ਾ-ਨਿਰਦੇਸ਼ਾ ਵਿੱਚ ਲੋਕਾਂ ਨੂੰ ਢਿੱਲ ਦਿੱਤੀ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਬਿਮਾਰੀ ਨੂੰ ਕੰਟਰੋਲ ਕਰਨ ਵਿੱਚ ਦੇਸ਼ ਦੀ ਸਫਲਤਾ ਦੀ ਕੁੰਜੀ ਸਥਾਨਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨਾ ਹੈ, ਜਿਸ ਵਿੱਚ ਮਾਸਕ ਪਹਿਨਣਾ, ਘਰੇਲੂ ਕੁਆਰੰਟੀਨ ਹੋਣਾ ਅਤੇ ਜਨਤਕ ਦੂਰੀ ਬਣਾਈ ਰੱਖਣਾ ਸ਼ਾਮਲ ਹੈ।