India Punjab

ਮੀਂਹ ਦੀ ਝੜ੍ਹੀ, ਕਿਸਾਨਾਂ ‘ਤੇ ਕਹਿਰ ਬਣਕੇ ਵਰ੍ਹੀ

ਚੰਡੀਗੜ੍ਹ- ( ਹਿਨਾ ) ਪੰਜਾਬ ‘ਚ ਪਿਛਲੇ 2 ਦਿਨਾਂ ਤੋਂ 24 ਘੰਟੇ ਲਗਾਤਾਰ ਹੋ ਰਹੀ ਬੇਮੌਸਮੀ ਬਾਰਿਸ਼ ਅਤੇ ਤੇਜ਼ ਹਵਾਵਾਂ ਨੇ ਜਾਂਦੀ ਸਰਦੀ ਨੂੰ ਜਿਥੇ ਵਾਪਿਸ ਮੋੜ ਲਿਆਂਦਾ ਹੈ ਉੱਥੇ ਹੀ ਅੱਧੀ ਦਰਜਨ ਜ਼ਿਲਿਆਂ ‘ਚ ਕਣਕ ਤੇ ਹਾੜੀ ਦੀਆਂ ਫ਼ਸਲਾਂ ਨੂੰ ਬਹੁਤ ਨੁਕਸਾਨ ਵੀ ਪਹੁੰਚਾਇਆ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਰਿਪੋਰਟ ਅਨੁਸਾਰ  ਚੰਡੀਗੜ੍ਹ, ਚਮਕੌਰ ਸਾਹਿਬ ਅਤੇ ਬਨੂੜ ਵਰਗੇ ਇਲਾਕਿਆਂ ‘ਚ ਮੀਂਹ ਤੇ ਗੜਿਆਂ ਨੇ ਖੜ੍ਹੀਆਂ ਫ਼ਸਲਾਂ ਧਰਤੀ ‘ਤੇ ਵਿਛਾ ਦਿੱਤੀਆਂ ਹਨ। ਚਾਰਾ, ਸਬਜ਼ੀਆਂ, ਤੇ ਕਣਕ ਦੀਆਂ ਫ਼ਸਲਾਂ ਨੂੰ ਵੱਡੀ ਪੱਧਰ ‘ਤੇ ਨੁਕਸਾਨ ਪਹੁੰਚਿਆ ਹੈ। ਜਿਸ ਕਾਰਨ ਕਿਸਾਨ ਚਿੰਤਤ ਹੋ ਗਏ ਹਨ। ਕਿਸਾਨਾਂ ਨੇ ਦੱਸਿਆ ਕਿ ਮੀਂਹ ਤੇ ਤੇਜ਼ ਹਵਾ ਕਾਰਨ ਖੇਤਾ ਦੀਆਂ ਫ਼ਸਲਾਂ ਹੀ ਨਹੀਂ ਬਲਕਿ ਖਰਬੂ਼ਜ਼ਾ, ਘੀਆ, ਖੀਰੇ ਦੀਆਂ ਵੇਲਾਂ ਦੇ ਨਾਲ-ਨਾਲ ਮਿਰਚਾਂ ਦੀ ਲਵਾਈ ਵੀ ਮੁਸ਼ਕਿਲ ਵਿੱਚ ਹੈ।

ਕਈ ਕਿਸਾਨਾਂ ਦੀ ਆਉਣ ਵਾਲੀ ਗਰਮੀ ਦੀ ਤਿਆਰੀਆਂ ‘ਚ ਅੰਬਾਂ ਦੀ ਫ਼ਸਲ ਨੂੰ ਨੁਕਸਾਨ ਪੱਜਾ, ਕਿਉਂਕਿ ਅੰਬਾਂ ਦੇ ਬੂਟਿਆਂ ਨੂੰ ਬੂਰ ਪੈ ਚੁੱਕਾ ਸੀ ਤੇ ਤੇਜ਼ ਹਵਾਵਾਂ ਕਾਰਨ ਅੰਬਾਂ ਦਾ ਬੂਰ ਕਈ ਥਾਵਾਂ ਤੋਂ ਝੜ੍ਹ ਗਿਆ। ਖੇਤੀ ਵਿਭਾਗ ਦੇ ਅੰਕੜਿਆਂ ਮੁਤਾਬਕ ਸਭ ਤੋਂ ਵੱਧ ਨੁਕਸਾਨ ਕਣਕ ਦੀ ਫ਼ਸਲ ਨੂੰ ਪਹੁੰਚਿਆ ਜੋ ਕਿ 20 ਤੋਂ 50 ਫੀਸਦੀ ਤੱਕ ਨੁਕਸਾਨੀ ਗਈ। ਤੇ ਨਾਲ ਹੀ ਵਿਭਾਗ ਨੇ ਸਾਰੇ ਪੰਜਾਬ ‘ਚ ਕਣਕ ਦੀ 2 ਤੋਂ 5 ਫੀਸਦੀ ਤੱਕ ਝਾੜ ਅਸਰ ਪੈਣ ਦੀ ਸੰਭਾਵਨਾ ਪ੍ਰਗਟਾਈ। ਵਿਭਾਗ ਵੱਲੋਂ ਕਿਸਾਨ ਭਾਈਚਾਰੇ ਨੂੰ ਇਹ ਸਲਾਹ ਦਿੱਤੀ ਗਈ ਕਿ ਜੇਕਰ ਮੀਂਹ ਕਾਰਨ ਫ਼ਸਲਾਂ ਪਾਣੀ ਭਰ ਗਿਆ ਹੈ ਤਾਂ ਤੁਰੰਤ ਪਾਣੀ ਬਾਹਰ ਕੱਢ ਲੈਣ।

ਡਿਪਟੀ ਕਮਿਸ਼ਨਰਾਂ ਨੇ ਕਿਸਾਨਾਂ ਨਾਲ ਰਾਬਤਾ ਕੀਤਾ ਤੇ ਜਿਨ੍ਹਾਂ ਫ਼ਸਲਾਂ ਨੂੰ ਨੁਕਸਾਨ ਹੋਇਆ ਹੈ, ਉਨਾਂ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣ ਦੀ ਹਦਾਇਤ ਵੀ ਕੀਤੀ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਐਰੀ ਨੇ ਦੱਸਿਆ ਕਿ ਮੀਂਹ, ਗੜਿਆਂ ਤੇ ਤੇਜ਼ ਹਵਾਵਾਂ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦੀਆਂ ਰਿਪੋਰਟਾਂ ਫੀਲਡ ਅਧਿਕਾਰੀ ਤੋਂ ਮੰਗ ਲਈਆਂ ਹਨ ਤੇ ਨਾਲ ਹੀ ਅਧਿਕਾਰੀਆਂ ਨੂੰ ਛੁੱਟੀਆਂ ਦੌਰਾਨ ਵੀ ਕਿਸਾਨਾਂ ਨਾਲ ਰਾਬਤਾ ਬਣਾਉਣ ਲਈ ਕਿਹਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਵੱਲੋਂ  ਪੰਜਾਬ ‘ਚ ਭਾਰੀ ਮੀਂਹ ਤੇ ਗੜੇਮਾਰੀ ਨਾਲ ਫ਼ਸਲੀ ਤੇ ਜਾਨ-ਮਾਲ ਦੇ ਨੁਕਸਾਨ ਦਾ ਮੁਆਵਜ਼ਾ ਤੁਰੰਤ ਦੇਣ ਦੀ ਵੀ ਮੰਗ ਕੀਤੀ ਗਈ ਹੈ।

 

ਹੋਰ ਖਬਰਾਂ ਪੜ੍ਹਨ ਲਈ ਕਲਿੱਕ ਕਰੋ:- khalastv.com