Punjab

ਮਾਨਸਾ ਦੇ ਵਕੀਲ ਵੱਲੋਂ ਗਾਇਕ ਰਣਜੀਤ ਬਾਵਾ ਦਾ ਕੇਸ ਮੁਫ਼ਤ ਲੜਣ ਦੀ ਪੇਸ਼ਕਸ਼

‘ਦ ਖ਼ਾਲਸ ਬਿਊਰੋ :-  ਪੰਜਾਬੀ ਗਾਇਕ ਰਣਜੀਤ ਬਾਵਾ ਖਿਲਾਫ਼ ਤਿੰਨ ਕੁ ਦਿਨ ਪਹਿਲਾਂ ਆਪਣੇ ਨਵੇਂ ਗਾਣੇ ‘ ਮੇਰਾ ਕੀ ਕਸੂਰ ਵਿੱਚ ਹਿੰਦੁ ਧਰਮ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ‘ਚ ਜਲੰਧਰ ਵਿੱਚ ਕੇਸ ਦਰਜ ਹੋਇਆ। ਮਾਨਸਾ ਜ਼ਿਲ੍ਹੇ ਦੇ ਐਡਵੋਕੇਟ ਜਸਵੰਤ ਗਰੇਵਾਲ ਨੇ ਗਾਇਕ ਰਣਜੀਤ ਬਾਵੇ ਦੀ ਹਰ ਪੱਖੋ ਕਾਨੂੰਨੀ ਸਹਾਇਤਾ ਕਰਨ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾ ਕਿਹਾ ਕਿ ਜੇਕਰ ਰਣਜੀਤ ਬਾਵਾ ਦੀ ਸਹਿਮਤੀ ਹੋਵੇ ਤਾਂ ਮੈਂ ਰਣਜੀਤ ਬਾਵਾ ਦਾ ਕੇਸ ਪੂਰੀ ਸੁਹਰਿਦਤਾ ਨਾਲ ਲੜ ਸਕਦਾ ਹਾਂ। ਐਡਵੋਕੇਟ ਨੇ ਇਲਜ਼ਾਮ ਲਾਇਆ ਹੈ ਕਿ ਕੱਟੜ ਮਨੂੰਵਾਦੀ ਸੋਚ ਦੇ ਮਾਲਕਾਂ ਨੇ ਗਾਇਕ ਰਣਜੀਤ ਬਾਵਾ ‘ਤੇ ਝੂਠਾ ਪਰਚਾ ਦਰਜ ਕਰਵਾਇਆ, ਜਦਕਿ ਇਹ ਗੀਤ ਸਮਾਜ ਦੇ ਸਭ ਤੋਂ ਹੇਠਲੇ ਤੇ ਦਬੇ ਕੁਚਲੇ ਲੋਕਾਂ ਦੇ ਹੱਕ ‘ਚ ਗਾਇਆ ਗਿਆ ਹੈ। ਰਣਜੀਤ ਬਾਵਾ ਵੱਲੋਂ ਗਾਏ ਗਏ ਗਾਣੇ ਦੇ ਕੁੱਝ ਬੋਲ ਹੇਠ ਲਿਖੇ ਹਨ:-
” ਕੈਸੀ ਤੇਰੀ ਮੱਤ ਲੋਕਾ ਕੈਸੀ ਤੇਰੀ ਬੁੱਧ ਆ,
ਭੁੱਖਿਆਂ ਲਈ ਮੁੱਕੀਆਂ ਤੇ ਪੱਥਰਾਂ ਲਈ ਦੁੱਧ ਆ,
ਓਹ ਜੇ ਮੈਂ ਸੱਚ ਬਹੁਤਾ ਬੋਲਿਆ ਤੇ ਮੱਚ ਜਾਣਾ ਯੱਧ ਆ,
ਗਰੀਬੜੇ ਦੀ ਛੁਹ ਮਾੜੀ ਤੇ ਗਊ ਦਾ ਮੂਤ ਸ਼ੁੱਧ ਆ,
ਚਲੋ ਮੰਨਿਆ ਬਈ ਤਗੜਾ ਐਂ, ਤੇਰਾ ਅਪਣਾ ਗਰੂਰ ਆਂ,
ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ,
ਓਹ ਗਾਤਰੇ, ਜਨੇਊ ਤੇ ਕਰਾਸ ਗਲ ਪਾ ਲਏ,
ਵਿਚਾਰ ਅਪਣਾਏ ਨਾ ਤੇ ਬਾਣੇ ਅਪਣਾ ਲਏ,
ਚੌਧਰਾਂ ਦੇ ਭੁੱਖਿਆਂ ਨੇ ਅਸੂਲ ਸਾਰੇ ਖਾ ਲਏ,
ਗੋਤਾਂ ਅਨੁਸਾਰ ਗੁਰਦੁਆਰੇ ਵੀ ਬਣਾ ਲਏ,
ਧੰਨੇ ਭਗਤ, ਰਵੀਦਾਸ ਦੀ ਬਾਣੀ ਨੂੰ ਨਕਾਰੋ ਪਹਿਲਾਂ,
ਸੋਚ ਨੀਵਿਆਂ ਦੀ ਨੀਵੀਂ ਕਹਿਣਾ ਫੇਰ ਮਨਜ਼ੂਰ ਆ,
ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ,
ਗਾਇਕ ਰਣਜੀਤ ਬਾਵਾ ਖਿਲਾਫ਼ ਜਲੰਧਰ ਦੇ ਥਾਣਾ ਡਵੀਜ਼ਨ ਨੰਬਰ ਤਿੰਨ ਵਿੱਚ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਪਰਚਾ ਦਰਜ ਹੋਇਆ ਸੀ। ਪੰਜਾਬ ਯੁਵਾ ਭਾਜਪਾ ਦੇ ਮੀਡੀਆ ਇੰਚਾਰਜ ਤੇ ਐਡਵੋਕੇਟ ਅਸ਼ੋਕ ਸਰੀਨ ਹਿੱਕੀ ਨੇ ਜਲੰਧਰ ਸ਼ਹਿਰ ਦੇ ਥਾਣਾ ਤਿੰਨ `ਚ ਟਵਿੱਟਰ `ਤੇ ਈਮੇਲ ਰਾਹੀਂ ਵੀਡੀਓ ਦਾ ਸਬੂਤ ਦੇ ਕੇ ਸ਼ਿਕਾਇਤ ਦਰਜ ਕਰਵਾਈ ਸੀ। ਅਸ਼ੋਕ ਸਰੀਨ ਨੇ ਦੱਸਿਆ ਉਨ੍ਹਾਂ ਨੇ ਗਾਇਕ ਰਣਜੀਤ ਬਾਵਾ ਸਮੇਤ ਗੀਤ ਦੇ ਲੇਖਕ ਬੀਰ ਸਿੰਘ, ਮਿਊਜ਼ਿਕ ਡਾਇਰੈਕਟਰ ਗੁਰਮੋਹ, ਵੀਡੀਓ ਡਾਇਰੈਕਟਰ ਧੀਮਾਨ ਤੇ ਹੋਰਾਂ ਵਿਰੁੱਧ ਵੀ ਕੇਸ ਦਰਜ ਕਰਵਾਇਆ ਸੀ। ਹਾਲਾਂਕਿ ਰਣਜੀਤ ਬਾਵਾ ਇਸ ਗਾਣੇ ਨੂੰ ਯੂਟਿਊਬ ਤੋਂ ਹਟਾ ਚੁੱਕੇ ਹਨ ਅਤੇ ਮੁਆਫੀ ਵੀ ਮੰਗ ਚੁੱਕੇ ਹਨ।