India

ਭਾਰਤ ਵਾਸੀਉ ਵਾਇਰਸ ਨਾਲ ਜਿਉਣਾ ਸਿੱਖ ਲਉ, ਸਰਕਾਰਾਂ ਦੇ ਭਾਂਡੇ ਤਾਂ ਮੂਧੇ ਵੱਜ ਗਏ ਨੇ

‘ਦ ਖ਼ਾਲਸ ਬਿਊਰੋ :- ਭਾਰਤ ਸਰਕਾਰ ਨੇ ਕੋਵਿਡ-19 ਦੇ ਟਾਕਰੇ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਕੱਲ੍ਹ ਕਿਹਾ ਕਿ ‘ਲੋਕਾਂ ਨੂੰ ਵਾਇਰਸ ਨਾਲ ਜਿਊਣ ਦਾ ਵੱਲ ਸਿੱਖਣਾ ਹੋਵੇਗਾ।’ ਸਰਕਾਰ ਨੇ ਕਿਹਾ ਕਿ ਸਾਨੂੰ ਇਨ੍ਹਾਂ ਸੇਧਾਂ ਨੂੰ ਰਵੱਈਏ ’ਚ ਆਏ ਬਦਲਾਅ ਵਜੋਂ ਜ਼ਿੰਦਗੀ ਦਾ ਹਿੱਸਾ ਬਣਾਉਣਾ ਹੋਵੇਗਾ। ਸਿਹਤ ਮੰਤਰਾਲੇ ’ਚ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਕਿਹਾ, ‘ਅਸੀਂ ਲਾਕਡਾਊਨ ’ਚ ਛੋਟਾਂ ਅਤੇ ਪਰਵਾਸੀ ਕਾਮਿਆਂ ਦੇ ਆਪੋ ਆਪਣੇ ਘਰਾਂ ਨੂੰ ਮੁੜਨ ਦੀ ਗੱਲ ਤਾਂ ਕਰਦੇ ਹਾਂ, ਪਰ ਸਾਡੇ ਸਾਹਮਣੇ ਇਸ ਤੋਂ ਵੀ ਵੱਡੀ ਚੁਣੌਤੀ ਹੈ ਕਿ ਸਾਨੂੰ ਇਸ ਵਾਇਰਸ ਦੇ ਨਾਲ ਹੀ ਜਿਊਣ ਦਾ ਵੱਲ ਸਿੱਖਣਾ ਹੋਵੇਗਾ।’ ਉਨ੍ਹਾਂ ਕਿਹਾ ਕਿ ਇਹ ਵੱਡੀ ਚੁਣੌਤੀ ਹੈ ਤੇ ਸਰਕਾਰ ਨੂੰ ਇਸ ਲਈ ਭਾਈਚਾਰਕ ਸਹਿਯੋਗ ਦੀ ਲੋੜ ਹੈ। ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਦੇ 216 ਜ਼ਿਲ੍ਹਿਆਂ ਵਿੱਚ ਹੁਣ ਤੱਕ ਕੋਵਿਡ-19 ਦਾ ਇਕ ਵੀ ਕੇਸ ਰਿਪੋਰਟ ਨਹੀਂ ਹੋਇਆ। 42 ਜ਼ਿਲ੍ਹੇ ਅਜਿਹੇ ਹਨ ਜਿੱਥੇ ਪਿਛਲੇ 28 ਦਿਨਾਂ ਤੋਂ ਲਾਗ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਤੇ 28 ਜ਼ਿਲ੍ਹਿਆਂ ਵਿੱਚ ਲੰਘੇ ਤਿੰਨ ਹਫ਼ਤਿਆਂ ਤੋਂ ਕੋਰੋਨਾਵਾਇਰਸ ਦਾ ਕੋਈ ਕੇਸ ਦਰਜ ਨਹੀਂ ਹੋਇਆ। ਅਗਰਵਾਲ ਨੇ ਕਿਹਾ ਕਿ ਭਾਰਤ ਵਿੱਚ ਕੋਵਿਡ-19 ਤੋਂ ਸਿਹਤਯਾਬ ਹੋਣ ਦੀ ਦਰ 16,540 ਦੇ ਅੰਕੜੇ ਨਾਲ 29.36 ਹੋ ਗਈ ਹੈ।

ਪਿਛਲੇ 24 ਘੰਟਿਆਂ ਦੌਰਾਨ ਇਨ੍ਹਾਂ ਵਿੱਚੋਂ 1273 ਵਿਅਕਤੀ ਵਾਇਰਸ ਦੀ ਲਾਗ ਤੋਂ ਉਭਰਨ ਵਿੱਚ ਸਫ਼ਲ ਰਹੇ ਹਨ। ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 3390 ਨਵੇਂ ਕੇਸਾਂ ਤੇ 103 ਸੱਜਰੀਆਂ ਮੌਤਾਂ ਨਾਲ ਕੋਵਿਡ-19 ਕੇਸਾਂ ਦੀ ਕੁੱਲ ਗਿਣਤੀ 56,342 ਤੇ ਮੌਤ ਦਾ ਅੰਕੜਾ 1886 ਹੋ ਗਿਆ ਹੈ। ਖ਼ਬਰ ਏਜੰਸੀ ਪੀਟੀਆਈ ਨੇ ਵੱਖ ਵੱਖ ਰਾਜਾਂ ਤੋਂ ਪ੍ਰਾਪਤ ਅੰਕੜਿਆਂ ਦੇ ਹਵਾਲੇ ਨਾਲ ਕੋਰੋਨਾ ਪਾਜ਼ਿਟਿਵ ਕੇਸਾਂ ਦੀ ਗਿਣਤੀ 56776 ਦੱਸੀ ਹੈ। ਪਿਛਲੇ 24 ਘੰਟਿਆਂ ’ਚ ਰਿਪੋਰਟ ਹੋਈਆਂ 103 ਮੌਤਾਂ ’ਚੋਂ ਮਹਾਰਾਸ਼ਟਰ ਵਿੱਚ 43, ਗੁਜਰਾਤ ’ਚ 29, ਮੱਧ ਪ੍ਰਦੇਸ਼ ’ਚ 8, ਪੱਛਮੀ ਬੰਗਾਲ ’ਚ 7, ਰਾਜਸਥਾਨ ’ਚ 5, ਤਾਮਿਲ ਨਾਡੂ, ਯੂਪੀ ਤੇ ਆਂਧਰਾ ਪ੍ਰਦੇਸ਼ ਵਿੱਚ ਦੋ-ਦੋ ਅਤੇ ਬਿਹਾਰ, ਦਿੱਲੀ, ਕਰਨਾਟਕ ਤੇ ਜੰਮੂ ਕਸ਼ਮੀਰ ’ਚ ਇਕ ਇਕ ਮੌਤ ਰਿਪੋਰਟ ਹੋਈ ਹੈ। ਹੁਣ ਤੱਕ 694 ਮੌਤਾਂ ਨਾਲ ਮਹਾਰਾਸ਼ਟਰ ਇਸ ਸੂਚੀ ਵਿੱਚ ਸਿਖਰ ’ਤੇ ਹੈ। 425 ਦੇ ਅੰਕੜੇ ਨਾਲ ਗੁਜਰਾਤ ਦੂਜੀ ਥਾਵੇਂ ਹੈ। ਪਾਜ਼ਿਟਿਵ ਕੇਸਾਂ ਦੀ ਸੂਚੀ ਵਿੱਚ ਵੀ 18000 ਦੇ ਕਰੀਬ ਕੇਸਾਂ ਨਾਲ ਮਹਾਰਾਸ਼ਟਰ ਅੱਵਲ ਨੰਬਰ ਹੈ। ਗੁਜਰਾਤ ਤੇ ਦਿੱਲੀ ਕ੍ਰਮਵਾਰ 7012 ਤੇ 5980 ਕੇਸਾਂ ਨਾਲ ਦੂਜੇ ਤੇ ਤੀਜੇ ਸਥਾਨ ’ਤੇ ਹਨ। ਅਗਰਵਾਲ ਨੇ ਕਿਹਾ ਕਿ ਭਾਰਤੀ ਮੈਡੀਕਲ ਖੋਜ ਕੌਂਸਲ ਪਲਾਜ਼ਮਾ ਥੈਰੇਪੀ ਦੀ ਕਾਰਗਰਤਾ ਤੇ ਸੁਰੱਖਿਆ ਦੇ ਮੁਲਾਂਕਣ ਲਈ 21 ਹਸਪਤਾਲਾਂ ਵਿੱਚ ਕਲੀਨਿਕਲ ਟਰਾਇਲ ਸ਼ੁਰੂ ਕਰੇਗੀ।