India

ਭਾਰਤੀ ਸਰਹੱਦ ‘ਚ ਘੁਸਪੈਠ ਨਹੀਂ ਹੋਈ, ਕੀ ਪ੍ਰਧਾਨ ਮੰਤਰੀ ਨੇ ਗੋਡੇ ਟੇਕ ਦਿੱਤੇ ਹਨ ?

‘ਦ ਖ਼ਾਲਸ ਬਿਊਰੋ:- ਭਾਰਤ-ਚੀਨ ਦਰਮਿਆਨ 15 ਜੂਨ ਨੂੰ ਹੋਈ ਝੜਪ ਤੋਂ ਬਾਅਦ ਚੀਨ ਲਗਾਤਾਰ ਇਸੇ ਗੱਲ ‘ਤੇ ਜੋਰ ਦੇ ਰਿਹਾ ਹੈ ਕਿ ਭਾਰਤ ਨੇ ਚੀਨ ਦੀ ਸੀਮਾ ਵਿੱਚ ਦਖ਼ਲ ਦਿੱਤਾ, ਤਾਂ ਕਰਕੇ ਚੀਨ ਨੂੰ ਕਾਰਵਾਈ ਕਰਨੀ ਪਈ। ਅਤੇ ਹੁਣ ਚੀਨ ਦੇ ਇਸ ਦਾਅਵੇ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਵੀ ਲੱਗਭੱਗ ਕਬੂਲ ਕਰਦੇ ਦਿਖਾਈ ਦੇ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੀ ਸਰਹੱਦ ਵਿੱਚ ਕੋਈ ਦਾਖ਼ਲ ਨਹੀਂ ਹੋਇਆ, ਇਸਦਾ ਮਤਲਬ ਤਾਂ ਫਿਰ ਇਹੀ ਬਣਦਾ ਹੈ ਕਿ ਭਾਰਤੀ ਫੌਜੀ ਚੀਨ ਦੀ ਸਰਹੱਦ ‘ਚ ਦਾਖ਼ਲ ਹੋਏ ਸਨ।

ਚੀਨ ਨਾਲ ਸਰਹੱਦੀ ਵਿਵਾਦ ਬਾਰੇ ਸੱਦੀ ਗਈ ਆਲ ਪਾਰਟੀ ਮੀਟਿੰਗ ਖ਼ਤਮ ਹੋਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ’ਚ ਦਾਅਵਾ ਕੀਤਾ ਕਿ ਭਾਰਤੀ ਸਰਹੱਦ ’ਚ ਕੋਈ ਘੁਸਪੈਠ ਨਹੀਂ ਹੋਈ ਹੈ ਅਤੇ ਕੋਈ ਵੀ ਚੌਕੀ ਕਿਸੇ ਦੇ ਕਬਜ਼ੇ ’ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁਲਕ ਦੀ ਇੱਕ ਇੰਚ ਜ਼ਮੀਨ ’ਤੇ ਕੋਈ ਵੀ ਅੱਖ ਚੁੱਕ ਕੇ ਨਹੀਂ ਦੇਖ ਸਕਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਫ਼ੌਜ ਪੂਰੀ ਚੌਕਸ ਹੈ ਅਤੇ ਅਸਲ ਕੰਟਰੋਲ ਰੇਖਾ ’ਤੇ ਪੈਟਰੋਲਿੰਗ ਦੀ ਸਮਰੱਥਾ ਵਧਾ ਦਿੱਤੀ ਗਈ ਹੈ। ਫ਼ੌਜ ਨੂੰ ਦੇਸ਼ ਦੀ ਰੱਖਿਆ ਲਈ ਜੋ ਕਰਨਾ ਚਾਹੀਦਾ ਹੈ, ਉਹ ਕਰ ਰਹੇ ਹਨ। ਭਾਵੇਂ ਜਵਾਨਾਂ ਨੂੰ ਤਾਇਨਾਤ ਕਰਨਾ ਹੋਵੇ, ਕਾਰਵਾਈ ਕਰਨੀ ਹੋਵੇ ਜਾਂ ਜਵਾਬੀ ਕਾਰਵਾਈ ਕਰਨੀ ਹੋਵੇ, ਹਰ ਸੰਭਵ ਕਦਮ ਉਠਾਏ ਜਾ ਰਹੇ ਹਨ। ਮੁਲਕ ਨੇ ਕਦੇ ਵੀ ਬਾਹਰੀ ਦਬਾਅ ਨੂੰ ਸਵੀਕਾਰ ਨਹੀਂ ਕੀਤਾ ਹੈ।

ਆਨਲਾਈਨ ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸ਼ਹੀਦ ਹੋਏ ਜਵਾਨਾਂ ਦੇ ਸਨਮਾਨ ’ਚ ਖੜ੍ਹੇ ਹੋ ਕੇ ਮੌਨ ਰੱਖਿਆ। ਬੈਠਕ ਦੌਰਾਨ ਰਾਜਨਾਥ ਸਿੰਘ ਅਤੇ ਜੈਸ਼ੰਕਰ ਨੇ ਵਿਵਾਦ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ’ਚ ਭਾਜਪਾ ਪ੍ਰਧਾਨ ਜੇ ਪੀ ਨੱਢਾ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਐੱਨਸੀਪੀ ਆਗੂ ਸ਼ਰਦ ਪਵਾਰ, ਟੀਆਰਐੱਸ ਆਗੂ ਕੇ ਚੰਦਰਸ਼ੇਖਰ ਰਾਓ, ਜੇਡੀ (ਯੂ) ਆਗੂ ਨਿਤੀਸ਼ ਕੁਮਾਰ, ਡੀਐੱਮਕੇ ਦੇ ਐੱਮ ਕੇ ਸਟਾਲਿਨ, ਵਾਈਐੱਸਆਰ ਕਾਂਗਰਸ ਪਾਰਟੀ ਦੇ ਵਾਈਐੱਸ ਜਗਨ ਮੋਹਨ ਰੈੱਡੀ, ਟੀਐੱਮਸੀ ਮੁਖੀ ਮਮਤਾ ਬੈਨਰਜੀ, ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਅਤੇ ਸ਼ਿਵ ਸੈਨਾ ਆਗੂ ਊਧਵ ਠਾਕਰੇ ਸਮੇਤ ਹੋਰਾਂ ਨੇ ਹਾਜ਼ਰੀ ਲਵਾਈ। ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਸਰਕਾਰ ਤੋਂ ਮੰਗ ਕਰਦੀਆਂ ਆ ਰਹੀਆਂ ਸਨ ਕਿ ਉਹ ਸਰਹੱਦ ਦੇ ਹਾਲਾਤ ਬਾਰੇ ਪਾਰਦਰਸ਼ਿਤਾ ਰੱਖੇ।

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਦਾਗੇ ਕਈ ਸਵਾਲ

ਸਰਬ ਪਾਰਟੀ ਮੀਟਿੰਗ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸਰਕਾਰ ਨੂੰ ਕਿਹਾ ਕਿ ਉਹ ਸਰਹੱਦੀ ਵਿਵਾਦ ਦੇ ਵੇਰਵੇ ਲੋਕਾਂ ਅਤੇ ਵਿਰੋਧੀ ਪਾਰਟੀਆਂ ਨੂੰ ਦੇਵੇ ਅਤੇ ਹਾਲਾਤ ਤੋਂ ਜਾਣੂ ਕਰਵਾਏ। ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਉਹ ਦੇਸ਼ ਨੂੰ ਭਰੋਸਾ ਦੇਣ ਕਿ ਅਸਲ ਕੰਟਰੋਲ ਰੇਖਾ ’ਤੇ ਪੁਰਾਣੀ ਸਥਿਤੀ ਛੇਤੀ ਬਹਾਲ ਹੋਵੇਗੀ ਅਤੇ ਚੀਨੀ ਫ਼ੌਜ ਦੇ ਜਵਾਨ ਪੁਰਾਣੀ ਥਾਂ ’ਤੇ ਪਰਤਣਗੇ। । ਉਹਨਾਂ ਸਵਾਲ ਕੀਤਾ ਕਿ ਮੌਜੂਦਾ ਸਰਹੱਦੀ ਵਿਵਾਦ ’ਚ ਕੀ ਸਰਕਾਰ ਨੂੰ ਖੁਫ਼ੀਆ ਨਾਕਾਮੀ ਨਜ਼ਰ ਆਉਂਦੀ ਹੈ। ਉਹਨਾਂ ਕਿਹਾ ਕਿ ਕਿਹੜੀ ਤਰੀਕ ਨੂੰ ਚੀਨੀ ਫ਼ੌਜ ਲੱਦਾਖ ’ਚ ਭਾਰਤੀ ਇਲਾਕੇ ਅੰਦਰ ਦਾਖ਼ਲ ਹੋਈ, ਸਰਕਾਰ ਨੂੰ ਚੀਨੀ ਘੁਸਪੈਠ ਦਾ ਪਤਾ ਕਦੋਂ ਲੱਗਾ? ਕੀ ਮਿਲਟਰੀ ਇੰਟੈਲੀਜੈਂਸ ਨੇ ਸਰਕਾਰ ਨੂੰ ਚੌਕਸ ਨਹੀਂ ਕੀਤਾ ਸੀ? ਉਹਨਾਂ ਕਿਹਾ ਕਿ ਜ਼ਮੀਨੀ ਹਾਲਾਤ ਬਾਰੇ ਸਪੱਸ਼ਟਤਾ ਦੀ ਕਮੀ ਸੀ ਜਿਸ ਕਾਰਨ 5 ਮਈ ਤੋਂ ਲੈ ਕੇ 6 ਜੂਨ ਤੱਕ ਕੀਮਤੀ ਸਮਾਂ ਗੁਆ ਲਿਆ ਅਤੇ 20 ਭਾਰਤੀ ਫ਼ੌਜੀ ਸ਼ਹੀਦ ਹੋ ਗਏ। ਸੋਨੀਆ ਗਾਂਧੀ ਨੇ ਕਿਸੇ ਵੀ ਖ਼ਤਰੇ ਦਾ ਸਾਹਮਣਾ ਕਰਨ ਲਈ ਰੱਖਿਆ ਬਲਾਂ ਦੀ ਤਿਆਰੀ ਬਾਰੇ ਵੀ ਜਾਣਕਾਰੀ ਮੰਗੀ।

 

Comments are closed.