Punjab

ਪੰਜਾਬ ‘ਚ ਕਿਸਾਨਾਂ ਨੇ ਰੋਕੇ ਯੂ.ਪੀ. ਤੋਂ ਆਏ ਝੋਨੇ ਦੇ ਭਰੇ ਹੋਏ ਟਰੱਕ

‘ਦ ਖ਼ਾਲਸ ਬਿਊਰੋ:- ਯੂ. ਪੀ.  ਤੋਂ ਪੰਜਾਬ ਵਿੱਚ ਵਿਕਰੀ ਲਈ ਆ ਰਹੇ ਝੋਨੇ ਦੇ ਚਾਰ ਵੱਡੇ ਟਰਾਲਿਆਂ ਨੂੰ ਫ਼ਤਿਹਗੜ੍ਹ ਸਾਹਿਬ ਵਿੱਚ ਦਾਖਲ ਹੁੰਦੇ ਸਮੇਂ ਰੋਕ ਲਿਆ ਗਿਆ। ਜ਼ਿਲ੍ਹਾ ਪ੍ਰੀਸ਼ਦ ਫ਼ਤਿਹਗੜ੍ਹ ਸਾਹਿਬ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਵੱਲੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਇਸਨੂੰ ਰੋਕਿਆ ਗਿਆ। ਬਾਅਦ ਵਿੱਚ ਇਸਨੂੰ ਪੁਲਿਸ ਵੱਲੋਂ ਮਾਰਕਿਟ ਕਮੇਟੀ ਸਰਹਿੰਦ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਮਾਰਕਿਟ ਕਮੇਟੀ ਵੱਲੋਂ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਸ ਮਾਮਲੇ ਨੂੰ ਲੈ ਕੇ ਮਾਰਕਿਟ ਕਮੇਟੀ ਸਰਹਿੰਦ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਟਰਾਲਾ ਡਰਾਈਵਰ ਸੁਖਬੀਰ ਸਿੰਘ ਨੇ ਦੱਸਿਆ ਕਿ ਉਹ ਇਸ ਝੋਨੇ ਨੂੰ ਯੂ . ਪੀ . ਤੋਂ ਲੈ ਕੇ ਆਇਆ ਸੀ ਅਤੇ ਇਸਨੂੰ ਅੰਮ੍ਰਿਤਸਰ ਲੈ ਕੇ ਜਾਣਾ ਸੀ। ਯੂਪੀ ਤੋਂ ਲਿਆਂਦੇ ਗਏ ਇਸ ਝੋਨੇ ਨੂੰ ਪੰਜਾਬ ਵਿੱਚ ਵੇਚਿਆ ਜਾਣਾ ਸੀ। ਅਜਿਹਾ ਹੋਣ ‘ਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿੱਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਪੰਜਾਬ ਦੇ ਬਾਹਰੋਂ ਆ ਰਹੇ ਇਸ ਝੋਨੇ ਨਾਲ ਪੰਜਾਬ ਦੇ ਸ਼ੈਲਰਾਂ ਅਤੇ ਖਰੀਦ ਏਜੰਸੀਆਂ ਦਾ ਕੋਟਾ ਸਮੇਂ ਤੋਂ ਪਹਿਲਾਂ ਹੀ ਪੂਰਾ ਹੋ ਜਾਵੇਗਾ।

ਜਿੱਥੋਂ ਤੱਕ ਪੰਜਾਬ ਦੇ ਕਿਸਾਨਾਂ ਦੀ ਗੱਲ ਹੈ ਤਾਂ ਹਾਲੇ ਤੱਕ 50 ਫੀਸਦੀ ਤੋਂ ਜ਼ਿਆਦਾ ਝੋਨਾ ਖੇਤਾਂ ਵਿੱਚ ਹੀ ਹੈ ਜਿਸਦੀ ਵਾਢੀ ਤੱਕ ਨਹੀਂ ਹੋਈ ਤੇ ਸਵਾਲ ਇਹੀ ਹੈ ਕਿ ਫਿਰ ਬਾਅਦ ਵਿੱਚ ਜਦੋਂ ਉਹ ਝੋਨਾ ਮੰਡੀਆਂ ਵਿੱਚ ਆਵੇਗਾ ਤਾਂ ਉਸਨੂੰ ਕੌਣ ਖਰੀਦੇਗਾ? ਪੰਜਾਬ ਵਿੱਚ ਝੋਨੇ ਦੀ ਖਰੀਦ MSP ‘ਤੇ ਕੀਤੀ ਜਾਂਦੀ ਹੈ ਪਰ ਯੂਪੀ ਵਿੱਚ ਅਜਿਹਾ ਨਹੀਂ ਹੈ। ਪੰਜਾਬ ਵਿੱਚ ਝੋਨੇ ਦਾ ਮੁੱਲ 1888 ਰੁਪਏ ਹੈ।