India

ਕਪਿਲ ਮਿਸ਼ਰਾ ਦੇ ਭੜਕਾਊ ਭਾਸ਼ਣ ਵਿਰੁੱਧ ਹਾਲੇ ਕਾਰਵਾਈ ਨਹੀਂ ਕਰ ਸਕਦੇ-ਦਿੱਲੀ ਪੁਲਿਸ

ਚੰਡੀਗੜ੍ਹ- ਦਿੱਲੀ ਹਿੰਸਾ ਵਿੱਚ ਭੜਕਾਊ ਬਿਆਨ ਦੇਣ ਵਾਲਿਆਂ ਖਿਲਾਫ਼ ਕੇਂਦਰ ਨੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹਾਈ ਕੋਰਟ ਵਿੱਚ ਦਿੱਲੀ ਹਿੰਸਾ ਨਾਲ ਸੰਬੰਧਿਤ ਮਾਮਲੇ ਦੀ ਸੁਣਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਕੇਂਦਰ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਗਿਆ ਹੈ। ਪੁਲਿਸ ਨੇ ਸਰਕਾਰ ਦੀ ਤਰਫ਼ੋਂ ਅਦਾਲਤ ਨੂੰ ਕਿਹਾ ਹੈ ਕਿ ਜਿਸ ਭਾਸ਼ਣ ਨੂੰ ਲੈ ਕੇ ਸ਼ਿਕਾਇਤ ਹੋਈ ਹੈ,ਉਹ ਦੋ ਮਹੀਨੇ ਪਹਿਲਾਂ ਦਾ ਹੈ। ਪਟੀਸ਼ਨਰ ਸਿਰਫ਼ ਤਿੰਨ ਵਿਅਕਤੀਆਂ ਵਿਰੁੱਧ ਕਾਰਵਾਈ ਦੀ ਮੰਗ ਨਹੀਂ ਕਰ ਸਕਦਾ ਹੈ।

ਪੁਲਿਸ ਮੁਤਾਬਕ ਹੋਰ ਵੀ ਭੜਕਾਊ ਭਾਸ਼ਣਾਂ ਬਾਰੇ ਸ਼ਿਕਾਇਤ ਆਈ ਹੈ। ਸਾਲਿਸਿਟਰ ਜਨਰਲ ਨੇ ਕਿਹਾ ਕਿ ਉਹ ਹਿੰਸਾ ਉੱਤੇ ਕਾਬੂ ਪਾਉਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਹੀ ਸਮੇਂ ’ਤੇ ਪੁਲਿਸ ਕਾਰਵਾਈ ਕਰੇਗੀ। ਕੇਂਦਰ ਅਤੇ ਪੁਲਿਸ ਨੇ ਭੜਕਾਊ ਭਾਸ਼ਣ ਦੇਣ ਵਾਲਿਆਂ ਉੱਤੇ ਮੁਕੱਦਮੇ ਦਰਜ ਕਰਨ ਲਈ ਸਮਾਂ ਮੰਗਿਆ ਹੈ। ਪੁਲਿਸ ਨੇ ਕਿਹਾ ਕਿ ਜੇ ਹੁਣ ਕੇਸ ਦਰਜ ਕੀਤਾ ਗਿਆ, ਤਾਂ ਹਾਲਾਤ ਹੋਰ ਖ਼ਰਾਬ ਹੋ ਜਾਣਗੇ।

ਹੁਣ ਤੱਕ ਕੁੱਲ 48 ਮਾਮਲੇ ਦਰਜ ਹੋਏ ਹਨ। ਅਜੇ ਸਾਰੀਆਂ ਏਜੰਸੀਆਂ ਦਾ ਧਿਆਨ ਹਾਲਾਤ ਨੂੰ ਕਾਬੂ ਕਰਨ ਵੱਲ ਹੈ। ਪੁਲਿਸ ਨੇ ਕਿਹਾ ਹੈ ਕਿ ਅਜੇ ਮੁਕੱਦਮਾ ਦਰਜ ਕਰਨ ਦਾ ਸਹੀ ਸਮਾਂ ਨਹੀਂ ਹੈ, ਸਹੀ ਸਮਾਂ ਆਉਣ ’ਤੇ ਮਾਮਲਾ ਦਰਜ ਕੀਤਾ ਜਾਵੇਗਾ। ਦਿੱਲੀ ਪੁਲਿਸ ਮੁਤਾਬਕ ਹੁਣ ਤੱਕ 106 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਤੇ ਸੀਸੀਟੀਵੀ ਫ਼ੁਟੇਜ ਦੇ ਆਧਾਰ ਉੱਤੇ ਹੋਰ ਵੀ ਗ੍ਰਿਫ਼ਤਾਰੀ ਹੋਣੀ ਹੈ।
ਪੁਲਿਸ ਨੇ ਕਿਹਾ ਕਿ ਜਿਹੜੇ ਬਾਹਰੀ ਲੋਕਾਂ ਦੀਆਂ ਤਸਵੀਰਾਂ ਮਿਲੀਆਂ ਹਨ, ਉਨ੍ਹਾਂ ਦੀ ਵੀ ਸ਼ਨਾਖ਼ਤ ਕਰ ਲਈ ਗਈ ਹੈ। ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਲੈ ਕੇ ਦਿੱਲੀ ਦੇ ਉੱਤਰ–ਪੂਰਬੀ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਹੋਈ ਹਿੰਸਾ ਨੂੰ ਲੈ ਕੇ ਹਾਈ ਕੋਰਟ ਵਿੱਚ ਬੁੱਧਵਾਰ ਨੂੰ ਸੁਣਵਾਈ ਹੋਈ ਸੀ।
ਉਸ ਹਿੰਸਾ ਬਾਰੇ ਹਾਈ ਕੋਰਟ ਵਿੱਚ ਭਾਜਪਾ ਆਗੂ ਕਪਿਲ ਮਿਸ਼ਰਾ ਦਾ ਬਿਆਨ ਸੁਣਾਇਆ ਗਿਆ,ਜਿਸ ਦੌਰਾਨ ਅਦਾਲਤ ਨੇ ਕਪਿਲ ਮਿਸ਼ਰਾ ਦਾ ਵਿਡੀਓ ਕਲਿੱਪ ਵੀ ਚਲਾਇਆ। ਇਸ ਦੌਰਾਨ ਸਾਲਿਸਿਟਰ ਜਨਰਲ, ਡੀਸੀਪੀ ਦੇਵ ਤੇ ਹੋਰ ਸਾਰੇ ਵਕੀਲ ਮੌਜੂਦ ਸਨ।