India

ਇੱਕ ਬੰਦੇ ਦੀ ਭਾਲ ‘ਚ ਪੁਲਿਸ ਬਿਨਾਂ ਦੱਸੇ ਗੁਰਦੁਆਰੇ ਹੋਈ ਦਾਖਲ, ਸਿੱਖਾਂ ਨੇ ਕੀਤਾ ਚੱਕਾ ਜਾਮ

‘ਦ ਖ਼ਾਲਸ ਬਿਊਰੋ:- ਕੱਲ੍ਹ ਰਾਜਸਥਾਨ ਦੇ ਜੈਪੁਰ ਵਿਚਲੇ ਰਾਜਾ ਪਾਰਕ ਗੁਰਦੁਆਰਾ ਸਾਹਿਬ ਵਿੱਚ ਦਰਜਨ ਦੇ ਕਰੀਬ ਪੁਲਿਸ ਪਹੁੰਚ ਗਈ ਜਿਸ ਤੋਂ ਬਾਅਦ ਸਿੱਖ ਭਾਈਚਾਰੇ ਵੱਲੋਂ ਸੜਕ ਜਾਮ ਕਰਕੇ ਪੁਲਿਸ ਦਾ ਤਿੱਖਾ ਵਿਰੋਧ ਕੀਤਾ ਗਿਆ। ਰਾਜਸਥਾਨ ਸਰਕਾਰ ਵੱਲੋਂ ਧਾਰਮਿਕ ਸਥਾਨ ਖੋਲ੍ਹੇ ਜਾਣ ਸਬੰਧੀ ਕੱਲ੍ਹ ਸ਼ਾਮ ਨੂੰ ਗੁਰਦੁਆਰਾ ਕਮੇਟੀ ਮੈਂਬਰਾਂ ਵੱਲੋਂ ਮੀਟਿੰਗ ਕੀਤੀ ਜਾ ਰਹੀ ਸੀ, ਜਿਸ ਦੌਰਾਨ ਪੁਲਿਸ ਉੱਥੇ ਪਹੁੰਚ ਗਈ, ਜਿਸ ਦਾ ਸਿੱਖਾਂ ਨੇ ਪੁਲਿਸ ਦਾ ਵਿਰੋਧ ਕੀਤਾ।

ਉੱਥੇ ਹੀ ਸਿੱਖ ਆਗੂ ਅਜੈਪਾਲ ਸਿੰਘ ਮੁਤਾਬਕ ਪੁਲਿਸ ਨੂੰ ਕਿਸੇ ਬੰਦੇ ਦੀ ਭਾਲ ਸੀ ਤੇ ਇਸੇ ਲਈ ਉਹ ਗੁਰਦੁਆਰਾ ਸਾਹਿਬ ਆਈ ਸੀ ਪਰ ਪੁਲਿਸ ਬਗੈਰ ਕਿਸੇ ਵੀ ਆਗਿਆ ਤੋਂ ਵੱਡੀ ਤਾਦਾਦ ‘ਚ ਗੁਰਦੁਆਰਾ ਸਾਹਿਬ ‘ਚ ਦਾਖਲ ਹੋਈ ਤੇ ਜਿਸ ਕਰਕੇ ਸਿੱਖਾਂ ‘ਚ ਰੋਸ ਦੀ ਲਹਿਰ ਹੈ ਤੇ ਉਹ ਇਸਦਾ ਵਿਰੋਧ ਕਰ ਰਹੇ ਨੇ।

DCP ਈਸਟ ਰਾਹੁਲ ਜੈਨ ਦੇ ਬਿਆਨਾਂ ਮੁਤਾਬਕ ਉਹ ਕਿਸੇ ਮਾਮਲੇ ਸਬੰਧੀ ਕਮੇਟੀ ਅਹੁਦੇਦਾਰਾਂ ਨਾਲ ਗੱਲ ਕਰਨ ਗਏ ਸਨ ਜਿਸ ‘ਤੇ ਕਮੇਟੀ ਨੂੰ ਇਤਰਾਜ਼ ਹੋਇਆ ਹੈ। ਇੱਕ ਧੜੇ ਨੇ ਸ਼ਿਕਾਇਤ ਵੀ ਦਿੱਤੀ ਹੈ ਕਿ ਗੁਰਦੁਆਰਾ ਸਾਹਿਬ ‘ਚ ਪੁਲਿਸ ਲਿਆਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਵੇ ਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਨਾਲ ਹੀ ਉਨ੍ਹਾਂ ਪੁਲਿਸ ਕਰਮੀਆਂ ‘ਤੇ ਵੀ ਐਕਸ਼ਨ ਹੋਵੇ ਜੋ ਬਿਨਾਂ ਆਗਿਆ ਦੇ ਗੁਰਦੁਆਰਾ ਸਾਹਿਬ ਅੰਦਰ ਵੜੇ। ਫਿਲਹਾਲ ਪੁਲਿਸ ਨੇ ਇੱਕ ਧੜੇ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਇਸ ਗੱਲ ਦੀ ਸਖਤ ਨਿਖੇਧੀ ਕਰਦਿਆਂ ਆਪਣੀ ਫੇਸਬੁੱਕ ਪੋਸਟ ‘ਚ ਲਿਖਿਆ ਕਿ, “ਰਾਜਸਥਾਨ ਦੇ ਜੈਪੁਰ ‘ਚ ਕੱਲ ਸ਼ਾਮ ਨੂੰ ਪੁਲਿਸ ਰਾਜਾ ਪਾਰਕ ਗੁਰਦੁਆਰਾ ਸਾਹਿਬ ਵਿਖੇ ਕਿਸੇ ਸਿੱਖ ਦੀ ਭਾਲ ਵਿੱਚ ਅੰਦਰ ਵਿਹੜੇ ਤੱਕ ਜਾ ਪੁੱਜੀ। ਕੁੱਝ ਦਿਨ ਪਹਿਲਾਂ ਵੀ ਪੁਲਿਸ ਤੇ ਸਿੱਖਾਂ ਵਿੱਚ ਜੈਪੁਰ ‘ਚ ਹੀ ਕਿਸੇ ਗੱਲ ਨੂੰ ਲੈ ਕੇ ਟਕਰਾਅ ਹੋਇਆ ਸੀ। ਇਹ ਘਟਨਾਵਾਂ ਮੰਦਭਾਗੀਆਂ ਹਨ, ਰਾਜਸਥਾਨ ਸਰਕਾਰ ਨੂੰ ਆਪਣੀ ਪੁਲਿਸ ਨੂੰ ਦਾਇਰੇ ‘ਚ ਰਹਿਣ ਦੀ ਸਲਾਹ ਦੇਣੀ ਬਣਦੀ ਹੈ।”