India Punjab

ਅੱਜ ਤੋਂ ਕਣਕ ਦੀ ਖਰੀਦ ਸ਼ੁਰੂ, ਕਿਤੇ ਨਾਅਰੇਬਾਜ਼ੀ, ਕਿਧਰੇ ਬਾਈਕਾਟ ਵੀ ਸ਼ੁਰੂ

ਚੰਡੀਗੜ੍ਹ ( ਹਿਨਾ ) ਪੰਜਾਬ ਵਿੱਚ ਲਾਕਡਾਊਨ ਦੇ ਚਲਦੇ ਕਣਕ ਦੀ ਖ਼ਰੀਦ 15 ਅਪ੍ਰੈਲ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅਨਾਜ ਮੰਡੀਆ ਵਿੱਚ ਖ਼ਰੀਦ ਦੇ ਪੁਖ਼ਤਾ ਇੰਤਜ਼ਾਮ ਕਰਨ ਦਾ ਦਾਅਵਾ ਕੀਤਾ ਗਿਆ ਹੈ। ਜ਼ਿਲ੍ਹਾਂ ਭਰ ‘ਚ 206 ਖ਼ਰੀਦ ਕੇਂਦਰਾਂ ਤੋਂ ਇਲਾਵਾ 254 ਸ਼ੈਲਰਾਂ ਨੂੰ ਵੀ ਖ਼ਰੀਦ ਕੇਂਦਰ ਵਜੋਂ ਵਰਤਿਆ ਜਾਵੇਗਾ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਰਕਾਰੀ ਖ਼ਰੀਦ ਸਬੰਧੀ ਪ੍ਰਸ਼ਾਸ਼ਨਿਕ ਪੱਧਰ ‘ਤੇ ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਗਏ ਪ੍ਰਬੰਧਾ ਦਾ ਜਾਇਜ਼ਾ ਲਿਆ ਗਿਆ ਹੈ। ਮਾਰਕਿਟ ਕਮੇਟੀ ਦੇ ਸਕੱਤਰਾਂ ਵੱਲੋਂ ਆੜਤੀਆਂ ਨੂੰ ਕੂਪਨ ਪਾਸ ਜਾਰੀ ਕੀਤਾ ਗਏ ਹਨ। ਅੱਗੇ ਆੜ੍ਹਤੀਆਂ ਵੱਲੋਂ ਕਿਸਾਨਾਂ ਨੂੰ ਕੂਪਨ ਪਾਸ ‘ਤੇ 50 ਕੁਵਿੰਟਲ ਕਣਕ ਦੀ ਇੱਕ ਟਰਾਲੀ ਲਈ ਲਿਆਂਦੀ ਜਾ ਸਕਦੀ ਹੈ। ਫਸਲ ਮੰਡੀ ‘ਚ ਲਿਆਉਣ ਲਈ ਤਾਰੀਖ ਤੇ ਖ਼ਰੀਦ ਕੇਂਦਰ ਕੂਪਨ ਅਨੁਸਾਰ ਹੀ ਨਿਸ਼ਚਿਤ ਹੋਵੇਗਾ ਜਿਸ ਮਗਰੋਂ ਹੀ ਕਿਸਾਨ ਫ਼ਸਲ ਮੰਡੀ ‘ਚ ਲਿਆਵੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੌਜੂਦਾ ਸੀਜ਼ਨ ਦੌਰਾਨ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 12 ਲੱਖ ਮੀਟਰ ਟਨ ਫ਼ਸਲ ਦੀ ਆਮਦ ਦੀ ਸੰਭਾਵਨਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋੜ ਮੁਤਾਬਕ ਬਾਰਦਾਨੇ, ਲੇਬਰ, ਟਰਾਂਸਪੋਰਟ ਆਦਿ ਦਾ ਉਚਿਤ ਪ੍ਰਬੰਧ ਰੱਖਿਆ ਜਾਵੇ ਤਾਂ ਜੋ ਚੱਲਦੇ ਸੀਜ਼ਨ ਦੌਰਾਨ ਕਿਸੇ ਕਿਸਮ ਦੀ ਸਮੱਸਿਆ ਪੇਸ਼ ਨਾ ਆ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆੜ੍ਹਤੀਆਂ ਵਲੋਂ ਕਿਸਾਨਾਂ ਨੂੰ ਹੋਲੋਗ੍ਰਾਮ ਕੂਪਨ ਜਾਰੀ ਕਰਨ ਤੇ ਮੰਡੀਆਂ ਵਿੱਚ ਉਸੇ ਆਧਾਰ ‘ਤੇ ਕਣਕ ਲਿਆਉਣ ਦੀ ਪ੍ਰਵਾਨਗੀ ਦੇਣ ਸਬੰਧੀ ਹਦਾਇਤਾਂ ਨੂੰ ਅਮਲ ਵਿੱਚ ਲਿਆਂਦਾ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਖ਼ਰੀਦ ਕੇਂਦਰਾਂ ਵਿੱਚ ਸਮਾਜਿਕ ਦੂਰੀ, ਭੀੜ ਤੋਂ ਬਚਾਅ, ਸੌਖੀ ਖ਼ਰੀਦ ਪ੍ਰਕਿਰਿਆ ਆਦਿ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤੇ ਕੋਰੋਨਾਵਾਇਰਸ ਦੇ ਖ਼ਤਰੇ ਨੂੰ ਰੋਕਣ ਲਈ ਸਾਰੀਆਂ ਸੁਰੱਖਿਆ ਵਿਧੀਆਂ, ਸਫਾਈ ਦੇ ਇੰਤਜਾਮਾਂ, ਮਾਸਕ ਪਾਉਣ, ਸੈਨੇਟਾਈਜ਼ਰ ਦੀ ਵਰਤੋਂ ਕਰਨ ਦੇ ਨਾਲ-ਨਾਲ ਜ਼ਿਲ੍ਹਾ ਮੰਡੀ ਅਫ਼ਸਰ ਰਾਹੀਂ ਮੰਡੀਆਂ ‘ਚ ਪੀਣ ਵਾਲੇ ਸਾਫ਼ ਪਾਣੀ ਦੀ ਉਪਲਬਧਤਾ ਆਦਿ ਦੇ ਪ੍ਰਬੰਧ ਵੀ ਰੱਖੇ ਜਾਣ।

ਪਟਿਆਲਾ ‘ਚ ਵੀ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਸਰਕਾਰੀ ਖ਼ਰੀਦ ਆਮ ਤੌਰ ‘ਤੇ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੁੰਦੀ ਰਹੀ ਹੈ ਪਰ ਐਂਤਕੀ ਕੋਰੋਨਾਵਾਇਰਸ ਕਾਰਨ 15 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ। ਮਹਾਂਮਾਰੀ ਦੇ ਮੱਦੇਨਜ਼ਰ ਹੀ ਐਂਤਕੀ ਪੰਜਾਬ ਭਰ ‘ਚ ਦੁੱਗਣੇ ਕਰੀਬ 3600 ਖ਼ਰੀਦ ਕੇਂਦਰ ਬਣਾਏ ਗਏ ਹਨ ਤੇ ਹੋਰ ਵਿਵਸਥਾ ਵੀ ਰੱਖੀ ਗਈ ਹੈ। ਐਂਤਕੀ ਸੂਬੇ ‘ਚ ਆਂਕੀ ਗਈ ਕਣਕ ਦੀ 185 ਲੱਖ ਟਨ ਪੈਦਾਵਰ ਵਿੱਚੋਂ ਕਰੀਬ 135 ਲੱਖ ਟਨ ਖ਼ਰੀਦ ਸਬੰਧ ਪੰਜਾਬ ਭਰ ‘ਚ ਸਾਰੀਆਂ ਤਿਆਰੀਆਂ ਮੁਕੰਮਲ ਹੋਣਾ ਦਾ ਦਾਅਵਾ ਕੀਤਾ। ਉਨ੍ਹਾਂ ਦੱਸਿਆ ਕਿ ਮਾਰਕਿਟ ਕਮੇਟੀਆਂ ਵੱਲੋਂ ਆੜ੍ਹਤੀਆਂ ਰਾਹੀਂ ਕਿਸਾਨਾਂ ਨੂੰ ਪਾਸ ਜਾਰੀ ਕੀਤੇ ਜਾ ਚੁੱਕੇ ਹਨ ਜਿਸ ਦੌਰਾਨ ਇੱਕ ਵਾਰ ‘ਚ ਕਣਕ ਦੀ ਇੱਕ ਟਰਾਲੀ ਮੰਡੀ ‘ਚ ਲਿਆਂਦੀ ਜਾ ਸਕੇਗੀ।

ਉਧਰ, ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਪੰਜਾਬ ਦੀ ਸਕੱਤਰ ਅਨਿੰਦਿੱਤਾ ਮਿੱਤਰਾ ਦਾ ਕਹਿਣਾ ਸੀ ਕਿ 15 ਲੱਖ ਟਨ ਕਣਕ ਐਫਸੀਆਈ ਅਤੇ 120 ਲੱਖ ਟਨ ਸੂਬਾ ਸਰਕਾਰ ਦੀਆਂ ਚਾਰ ਖ਼ਰੀਦ ਏਜੰਸੀਆਂ ( ਮਾਰਕਫੈਡ, ਪਨਸਪ, ਪਨਗ੍ਰੇਨ ਅਤੇ ਵੇਅਰਹਾਉਸ) ਖ਼ਰੀਦਣਗੀਆਂ। ਸਰਕਾਰ 48 ਘੰਟਿਆਂ ‘ਚ ਕਿਸਾਨ ਦੇ ਖਾਤੇ ‘ਚ ਆਨ ਲਾਈਨ ਹੀ ਪੇਮੈਂਟ ਪਾਉਣਗੇ। ਖ਼ਰੀਦ ਅਤੇ ਅਦਾਇਗੀ ‘ਚ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਕਿਸਾਨਾਂ ਤੇ ਮਜ਼ਦੂਰਾਂ ਲਈ ਮਾਸਕ ਦਾ ਪ੍ਰਬੰਧ ਆੜ੍ਹਤੀ ਕਰਨਗੇ। ਪਟਿਆਲਾ ਵਾਸੀ ਤੇ ਪੰਜਾਬ ਮੰਡੀ ਬੇਰਡ ਦੇ ਚੇਅਰਮੈਨ ਲਾਲ ਸਿੰਘ ਨੇ ਦੱਸਿਆ ਕਿ ਐਂਤਕੀ 1865 ਖ਼ਰੀਦ ਵਧਾ ਕੇ ਦੁੱਗਣੇ ਕਰ ਦਿੱਤੇ ਗਏ ਹਨ।  ਮੁਸ਼ਕਲਾਂ ਦੇ ਸਮਾਧਾਨ ਲਈ ਮੰਡੀ ਬੇਰਡ ਨੇ ਕੰਟਰੋਲ ਰੂਮ ਵੀ ਸਥਾਪਤ ਕੀਤਾ ਹੈ। ਮੰਡੀ ‘ਚ ਫ਼ਸਲ ਸੁੱਟਣ ਲਈ 30 ਗੁਣਾ 30 ਫੱਟ ਦੇ ਖਾਨੇ ਬਣਾਏ ਗਏ ਹਨ। ਵੱਡੀਆਂ ਮੰਡੀਆਂ ‘ਚ ਸਪੇਰਅ ਕਰਵਾ ਦਿੱਤੀ ਤੇ ਸਾਰੇ ਥਾਈ ਲੋੜੀਂਦੀ ਸਾਫ਼ ਸਫਾਈ ਕੀਤੀ ਗਈ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਇਹਤਿਆਤੀ ਕਦਮ ਵਜੋਂ ਸਿਹਤ ਵਿਭਾਗ ਦੇ ਨੁਮਾਇੰਦੇ ਵੀ ਮੰਡੀਆਂ ਦੀ ਫੇਰੀ ਪਾਉਂਦੇ ਰਹਿਣਗੇ।